ਨਵੀਂ ਦਿੱਲੀ: ਸਰਕਾਰੀ ਕੰਪਨੀ ਬੀਐਸਐਨਐਲ ਦੇ 70 ਹਜ਼ਾਰ ਕਰਮਚਾਰੀ ਨੌਕਰੀ ਛੱਡਣਾ ਚਾਹੁੰਦੇ ਹਨ। ਸਰਕਾਰ ਵੱਲੋਂ ਮਹਿਕਮੇ ਲਈ ਵੀਆਰਐਸ ਯੋਜਨਾ ਦਾ ਐਲਾਨ ਕਰਨ ਮਗਰੋਂ 70 ਹਜ਼ਾਰ ਅਰਜ਼ੀਆਂ ਪਹੁੰਚ ਗਈਆਂ ਹਨ। ਦਿਲਚਸਪ ਹੈ ਕਿ ਇਸ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੀ ਕੀਤੀ ਗਈ ਸੀ ਤੇ ਇੰਨੇ ਥੋੜ੍ਹੇ ਸਮੇਂ ਵਿੱਚ 70 ਹਜ਼ਾਰ ਮੁਲਾਜ਼ਮਾਂ ਨੇ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈਣ ਦੀ ਇੱਛਾ ਜ਼ਾਹਿਰ ਕੀਤੀ ਹੈ।


ਟੈਲੀਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਐਮਡੀ ਪੀਕੇ ਪਰਵਾਰ ਨੇ ਦੱਸਿਆ ਕਿ ਬੀਐਸਐਨਐਲ ਦੇ ਕਰੀਬ 1.50 ਲੱਖ ਕਰਮਚਾਰੀਆਂ ਵਿੱਚੋਂ ਇੱਕ ਲੱਖ ਕਰਮਚਾਰੀ ਇਸ ਸਵੈ-ਇੱਛਤ ਸੇਵਾ ਮੁਕਤੀ ਯੋਜਨਾ ਲਈ ਯੋਗ ਹਨ। ਇਨ੍ਹਾਂ ਵਿੱਚੋਂ 70 ਹਜ਼ਾਰ ਕਰਮਚਾਰੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਇਸ ਯੋਜਨਾ ਸਬੰਧੀ ਕਰਮਚਾਰੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਹੈ ਕਿ ਵੀਆਰਐਸ ਯੋਜਨਾ ਨੂੰ ਧਿਆਨ ਵਿੱਚ ਰੱਖਦਿਆਂ ਦੂਰਸੰਚਾਰ ਵਿਭਾਗ ਨੇ ਬੀਐਸਐਨਐਲ ਨੂੰ ਵਪਾਰ ਵਿਸ਼ੇਸ਼ ਤੌਰ ’ਤੇ ਟੈਲੀਕੌਮ ਐਕਸਚੇਂਜ ਦੀ ਸਹੂਲਤ ਸੁਚਾਰੂ ਬਣਾਉਣ ਲਈ ਆਖਿਆ ਹੈ। ਜ਼ਿਕਰਯੋਗ ਹੈ ਕਿ ਦੂਰਸੰਚਾਰ ਕੰਪਨੀ ਦੀ ਇਸ ਯੋਜਨਾ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਸੀ ਤੇ ਇਹ ਤਿੰਨ ਦਸੰਬਰ ਤੱਕ ਜਾਰੀ ਰਹੇਗੀ।