ਦਿੱਲੀ: 25 ਜਨਵਰੀ ਨੂੰ ਰੀਲੀਜ਼ ਹੋਈ ਫਿਲਮ ਪਦਮਾਵਤ ਬਾਕਸ ਆਫਿਸ 'ਤੇ ਸਫਲ ਜਾ ਰਹੀ ਹੈ। ਫਿਲਮ ਰਲੀਜ਼ ਹੋਣ ਤੋਂ ਪਹਿਲਾਂ ਇਸ ਦਾ ਵਿਰੋਧ ਕਰ ਰਹੀ ਕਰਣੀ ਸੈਨਾ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਇਸ ਫਿਲਮ ਦਾ ਵਿਰੋਧ ਨਹੀਂ ਕਰੇਗੀ। ਹੁਣ ਕਰਨੀ ਸੈਨਾ ਨੇ ਕਿਹਾ ਹੈ ਕਿ ਇਹ ਫਿਲਮ ਰਾਜਪੂਤਾਂ ਦੀ ਸ਼ਾਨ ਨੂੰ ਉੱਚਾ ਕਰਦੀ ਹੈ। ਜ਼ਿਕਰਯੋਗ ਹੈ ਕਿ ਰਾਜਪੂਤ ਕਰਨੀ ਸੈਨਾ ਵਲੋਂ ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨ ਕੀਤੇ ਗਏ ਸਨ।
ਫਿਲਮ ਦੇਖਣ ਤੋਂ ਬਾਅਦ ਕਰਣੀ ਸੈਨਾ ਦਾ ਕਹਿਣਾ ਹੈ ਕਿ ਫਿਲਮ 'ਚ ਰਾਜਪੂਤ ਸਮਾਜ ਖਿਲਾਫ ਕੁਝ ਵੀ ਨਹੀਂ ਹੈ ਤੇ ਉਹ ਇਸ ਦੇ ਖ਼ਿਲਾਫ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਵਿਰੋਧ ਕਰਨਾ ਸਾਡਾ ਹੱਕ ਸੀ।
ਇਸ ਤੋਂ ਬਾਅਦ ਕਰਣੀ ਸੈਨਾ ਨੇ ਐਲਾਨ ਕੀਤਾ ਹੈ ਕਿ ਉਹ ਭੰਸਾਲੀ ਦੀ ਮਾਂ 'ਤੇ ਫ਼ਿਲਮ ਬਨਾਉਣਗੇ ਅਤੇ ਉਸ ਦਾ ਨਾਂ 'ਲੀਲਾ ਦੀ ਲੀਲਾ' ਹੋਵੇਗਾ। ਕਰਣੀ ਸੈਨਾ ਦੇ ਆਗੂ ਗੋਵਿੰਦ ਸਿੰਘ ਖਾਂਗਰੋਟ ਨੇ ਕਿਹਾ ਸੀ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਅਰਵਿੰਦ ਵਿਆਸ ਕਰਨਗੇ ਅਤੇ ਇਸ ਦੀ ਕਹਾਣੀ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਅਗਲੇ 15 ਦਿਨਾਂ 'ਚ ਫ਼ਿਲਮ ਸ਼ੁਰੂ ਹੋ ਜਾਵੇਗੀ ਅਤੇ ਇਸੇ ਸਾਲ ਰਿਲੀਜ਼ ਵੀ ਕਰਾਂਗੇ। ਉਨ੍ਹਾਂ ਕਿਹਾ ਸੀ ਕਿ ਭੰਸਾਲੀ ਨੇ ਸਾਡੀ ਮਾਂ ਪਦਮਾਵਤੀ ਦੀ ਬੇਇੱਜ਼ਤੀ ਕੀਤੀ ਹੈ ਪਰ ਅਸੀਂ ਇਹ ਪੱਕਾ ਕਰਾਂਗੇ ਕਿ ਉਨ੍ਹਾਂ ਨੂੰ ਇਸ 'ਤੇ ਮਾਣ ਮਹਿਸੂਸ ਹੋਵੇ।