Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਜਲ ਸੈਨਾ ਦਾ ਅਧਿਕਾਰੀ ਵੀ ਸ਼ਾਮਲ ਹੈ। ਲੈਫਟੀਨੈਂਟ ਵਿਨੈ ਨਰਵਾਲ ਦਾ ਵਿਆਹ ਹਿਮਾਂਸ਼ੀ ਨਰਵਾਲ ਨਾਲ ਸਿਰਫ਼ 8 ਦਿਨ ਪਹਿਲਾਂ ਹੀ ਹੋਇਆ ਸੀ ਅਤੇ ਉਹ ਹਨੀਮੂਨ ਲਈ ਕਸ਼ਮੀਰ ਗਏ ਹੋਏ ਸਨ। ਹਾਲਾਂਕਿ ਉਨ੍ਹਾਂ ਦਾ ਪਲਾਨ ਯੂਰਪ ਜਾਣ ਦਾ ਸੀ, ਪਰ ਵੀਜ਼ਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣਾ ਪਲਾਨ ਬਦਲਣਾ ਪਿਆ ਅਤੇ ਉਹ ਕਸ਼ਮੀਰ ਚਲੇ ਗਏ।
ਲੈਫਟੀਨੈਂਟ ਵਿਨੈ ਨਰਵਾਲ 26 ਸਾਲ ਦੇ ਸਨ ਅਤੇ ਉਨ੍ਹਾਂ ਦਾ ਵਿਆਹ ਸਿਰਫ਼ ਅੱਠ ਦਿਨ ਪਹਿਲਾਂ ਹੀ ਹਿਮਾਂਸ਼ੀ ਨਰਵਾਲ ਨਾਲ ਹੋਇਆ ਸੀ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਕਪਲ ਸ਼ੁਰੂਆਤ ਵਿੱਚ ਆਪਣੇ ਹਨੀਮੂਨ ਲਈ ਯੂਰਪ ਜਾਣਾ ਚਾਹੁੰਦਾ ਸੀ ਪਰ ਵੀਜ਼ਾ ਨਹੀਂ ਮਿਲ ਸਕਿਆ ਅਤੇ ਤਾਂ ਕਰਕੇ ਉਨ੍ਹਾਂ ਨੂੰ ਆਪਣਾ ਪਲਾਨ ਕੈਂਸਲ ਕਰਨਾ ਪਿਆ। ਵਿਨੈ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਕਰਨਾਲ ਦੇ ਸੈਕਟਰ 7 ਵਿੱਚ ਰਹਿੰਦਾ ਹੈ।
ਅੱਤਵਾਦੀਆਂ ਨੇ ਵਿਨੈ ਨੂੰ ਹਿਮਾਸ਼ੀ ਦੇ ਸਾਹਮਣੇ ਗੋਲੀ ਮਾਰ ਦਿੱਤੀ। ਹਾਲਾਂਕਿ, ਹਿਮਾਂਸ਼ੀ ਨੂੰ ਕੁਝ ਨਹੀਂ ਹੋਇਆ ਅਤੇ ਉਹ ਠੀਕ ਹੈ। ਵਿਨੈ ਅਤੇ ਹਿਮਾਂਸ਼ੀ 21 ਅਪ੍ਰੈਲ ਨੂੰ ਜੰਮੂ-ਕਸ਼ਮੀਰ ਪਹੁੰਚੇ ਅਤੇ 22 ਅਪ੍ਰੈਲ ਨੂੰ ਪਹਿਲਗਾਮ ਦੇ ਇੱਕ ਹੋਟਲ ਵਿੱਚ ਚੈੱਕ-ਇਨ ਕੀਤਾ ਸੀ। ਹਿਮਾਂਸ਼ੀ ਨਰਵਾਲ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਵਿਨੈ ਪਹਿਲਗਾਮ ਦੇ ਨੇੜੇ ਮਿੰਨੀ ਸਵਿਟਜ਼ਰਲੈਂਡ ਵਜੋਂ ਮਸ਼ਹੂਰ ਸੈਰ-ਸਪਾਟਾ ਸਥਾਨ ਬੈਸਰਨ ਵੈਲੀ ਦੇਖਣ ਗਏ ਸਨ। ਫਿਰ ਅੱਤਵਾਦੀ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਵੀਡੀਓ ਵਿੱਚ ਹਿਮਾਂਸ਼ੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ, 'ਮੈਂ ਆਪਣੇ ਪਤੀ ਨਾਲ ਭੇਲਪੁਰੀ ਖਾ ਰਹੀ ਸੀ ਜਦੋਂ ਇੱਕ ਆਦਮੀ ਆਇਆ ਅਤੇ ਉਸ ਨੇ ਵਿਨੇ ਵੱਲ ਇਸ਼ਾਰਾ ਕਰਦਿਆਂ ਕਿਹਾ - ਉਹ ਮੁਸਲਮਾਨ ਨਹੀਂ ਹੈ ਅਤੇ ਫਿਰ ਉਸ ਨੇ ਗੋਲੀ ਚਲਾ ਦਿੱਤੀ।'
ਵਿਨੈ ਨਰਵਾਲ ਇੱਕ ਇੰਜੀਨੀਅਰਿੰਗ ਗ੍ਰੈਜੂਏਟ ਸੀ ਅਤੇ ਸਿਰਫ਼ ਤਿੰਨ ਸਾਲ ਪਹਿਲਾਂ ਹੀ ਨੇਵੀ ਵਿੱਚ ਭਰਤੀ ਹੋਏ ਸੀ। ਇਸ ਵੇਲੇ ਉਹ ਕੋਚੀ, ਕੇਰਲ ਵਿੱਚ ਤਾਇਨਾਤ ਸਨ। ਉਨ੍ਹਾਂ ਦੇ ਪਿਤਾ ਰਾਜੇਸ਼ ਕੁਮਾਰ ਹਨ, ਜੋ ਪਾਣੀਪਤ ਦੇ ਕਸਟਮ ਵਿਭਾਗ ਵਿੱਚ ਸੁਪਰਡੈਂਟ ਹਨ। ਵਿਨੈ ਦੀ ਮਾਂ ਦਾ ਨਾਮ ਆਸ਼ਾ ਦੇਵੀ ਅਤੇ ਦਾਦੀ ਦਾ ਨਾਮ ਬੀਰੂ ਦੇਵਾ ਹੈ। ਆਸ਼ਾ ਦੇਵੀ ਇੱਕ ਘਰੇਲੂ ਔਰਤ ਹੈ। ਵਿਨੈ ਦੀ ਵੱਡੀ ਭੈਣ ਸ੍ਰਿਸ਼ਟੀ ਦਿੱਲੀ ਵਿੱਚ ਰਹਿ ਕੇ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੀ ਹੈ। ਵਿਨੈ ਦੇ ਦਾਦਾ ਹਵਾ ਸਿੰਘ ਹਰਿਆਣਾ ਪੁਲਿਸ ਵਿੱਚ ਸਨ ਅਤੇ ਉਹ 2004 ਵਿੱਚ ਸੇਵਾਮੁਕਤ ਹੋਏ ਸਨ।