ਨਵੀਂ ਦਿੱਲੀ: ਪੈਰਿਸ ਵਿੱਚ ਹਮਲਾ ਕਰਕੇ 100 ਲੋਕਾਂ ਦੀ ਹੱਤਿਆ ਕਰਨ ਵਾਲੇ ਆਈ.ਐਸ. ਦੇ ਦਹਿਸ਼ਤਗਰਦ ਦਾ ਭਾਰਤ ਵਿੱਚ ਇੱਕ ਸਾਥੀ ਹੋਣ ਦਾ ਪਤਾ ਲੱਗਾ ਹੈ।  ਤਾਮਿਲਨਾਡੂ ਦਾ ਰਹਿਣ ਵਾਲਾ ਸੁਬਾਹਾਨੀ ਹੱਜ ਮੋਹਦੀਨ ਇਸ ਸਮੇਂ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਗ੍ਰਿਫ਼ਤ ਵਿੱਚ ਹੈ। ਐਨ.ਆਈ.ਏ. ਨੇ ਪੁੱਛਗਿੱਛ ਤੋਂ ਬਾਅਦ ਇਹ ਅਹਿਮ ਖ਼ੁਲਾਸਾ ਕੀਤਾ ਹੈ। ਐਨ.ਆਈ.ਏ. ਅਨੁਸਾਰ ਆਈ.ਐਸ. ਨੇ ਮੋਹਦੀਨ ਕੇਰਲ ਵਿੱਚ ਜੱਜ ਤੇ ਵਿਦੇਸ਼ੀ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਦਾ ਹੁਕਮ ਦਿੱਤਾ ਸੀ।

ਮੋਹਦੀਨ ਦਾ ਕੰਮ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਆਈ.ਐਸ. ਨਾਲ ਜੋੜਨ ਦਾ ਸੀ। ਇਸ ਤੋਂ ਇਲਾਵਾ ਉਸ ਨੇ ਚੇਨਈ ਤੋਂ ਇਸਤਾਂਬੁਲ ਦੀ ਯਾਤਰਾ ਵੀ ਕੀਤੀ ਸੀ। ਇਸਤਾਂਬੁਲ ਨੇ ਮੋਹਦੀਨ ਨੇ ਆਪਣੇ ਪਾਕਿਸਤਾਨੀ, ਆਫਗਾਨਿਸਤਾਨੀ ਤੇ ਇਰਾਕੀ ਸਾਥੀਆਂ ਨਾਲ ਆਈ.ਐਸ. ਦੇ ਕਬਜ਼ੇ ਵਾਲੇ ਇਰਾਕੀ ਸ਼ਹਿਰਾਂ ਦਾ ਦੌਰਾ ਕੀਤਾ। ਇਰਾਕ ਵਿੱਚ ਹੀ ਮੋਹਦੀਨ ਦੀ ਮੁਲਾਕਾਤ ਪੈਰਿਸ ਵਿੱਚ ਹਮਲਾ ਕਰਨ ਵਾਲੇ ਅਬਦੁਲ ਹਮੀਦ ਤੇ ਸਲਾਹ ਅਵਦਸੇਲਮ ਨਾਲ ਮੁਲਾਕਾਤ ਕੀਤੀ। ਮੋਹਦੀਨ ਅਨੁਸਾਰ ਅਬਦੁਲ ਹਮੀਦ ਨੇ ਇਰਾਕ ਵਿੱਚ ਉਸ ਦੀਆਂ ਕਈ ਲੋਕਾਂ ਨਾਲ ਮੀਟਿੰਗਾਂ ਕਰਵਾਈਆਂ ਸਨ।

ਅਬਦੁਲ ਹਮੀਦ ਤਾਂ ਪੈਰਿਸ ਹਮਲੇ ਦੌਰਾਨ ਹੀ ਮਾਰਿਆ ਗਿਆ ਸੀ ਜਦੋਂਕਿ ਉਸ ਦਾ ਸਾਥੀ ਅਵਦਸੇਲਮ ਇਸ ਸਮੇਂ ਫਰਾਂਸ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਐਨ.ਆਈ.ਏ. ਅਨੁਸਾਰ ਮੋਹਦੀਨ ਇਸ ਤੋਂ ਬਾਅਦ ਨਵੰਬਰ ਵਿੱਚ ਭਾਰਤ ਪਰਤ ਆਇਆ। ਭਾਰਤ ਪਰਤਣ ਉੱਤੇ ਹੀ ਮੋਹਾਦੀਨ ਨੇ ਦਾਅਵਾ ਕੀਤਾ ਕਿ ਉਸ ਨੂੰ ਨਿਊਜ਼ ਚੈਨਲਾਂ ਤੋਂ ਜਾਣਕਾਰੀ ਮਿਲੀ ਹੈ ਕਿ ਅਬਦੁਲ ਹਮੀਦ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਫਰਾਂਸ ਏਜੰਸੀਆਂ ਪਹਿਲਾਂ ਹੀ ਆਖ ਚੁੱਕੀਆਂ ਹਨ ਅਬਦੁਲ ਹਮੀਦ ਹਮਲੇ ਤੋਂ ਪਹਿਲਾਂ ਇਰਾਕ ਵਿੱਚ ਸਰਗਰਮ ਸੀ।