ਲਖਨਾਊ: ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦਾ ਝਗੜਾ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸ਼ਿਵਪਾਲ ਯਾਦਵ ਸਮੇਤ 4 ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ।

ਅਖਿਲੇਸ਼ ਨੇ ਸ਼ਿਵਪਾਲ ਤੋਂ ਇਲਾਵਾ ਓਮ ਪ੍ਰਕਾਸ਼ ਸਿੰਘ, ਨਾਰਦ ਰਾਏ ਤੇ ਸ਼ਾਦਾਬ ਫਾਤਿਮਾ ਨੂੰ ਬਰਖਾਸਤ ਕੀਤਾ ਹੈ। ਸੀ.ਐਮ. ਨੇ ਰਾਜਪਾਲ ਰਾਮ ਨਾਇਕ ਨੂੰ ਇਸ ਬਰਖਾਸਤਗੀ ਦੀ ਚਿੱਠੀ ਭੇਜ ਦਿੱਤੀ ਹੈ। ਇੱਥੇ ਹੀ ਨਹੀਂ ਅਖਿਲੇਸ਼ ਨੇ ਅਮਰ ਸਿੰਘ ਦੀ ਕਰੀਬੀ ਜਯਾ ਪ੍ਰਦਾ ਨੂੰ ਵੀ ਫਿਲਮ ਵਿਕਾਸ ਪਰਿਸ਼ਦ ਦੀ ਉਪ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਜਯਾ ਪ੍ਰਦਾ ਨੂੰ ਮੰਤਰੀ ਦਾ ਦਰਜਾ ਮਿਲਿਆ ਹੋਇਆ ਸੀ।

ਅਖਿਲੇਸ਼ ਝਗੜੇ ਵਿਚਾਲੇ ਅੱਜ ਆਪਣੇ ਸਮਰਥਕਾਂ ਤੇ ਵਿਧਾਇਕਾਂ ਦੀ ਬੈਠਕ ਬੁਲਾਈ ਜਿਸ ਵਿੱਚ ਸ਼ਿਵਪਾਲ ਸਮਰਥਕਾਂ ਨੂੰ ਛੱਡ ਕਰਾਬ 415 ਨੇਤਾਵਾਂ ਨੂੰ ਬੁਲਾਇਆ ਗਿਆ। ਮੰਤਰੀਆਂ ਨੂੰ ਬਰਖਾਸਤ ਕਰਨ ਬਾਅਦ ਬੈਠਕ ਵਿੱਚ ਅਖਿਲੇਸ਼ ਨੇ ਕਿਹਾ ਹੈ ਕਿ ਮੈਂ ਹੀ ਨੇਤਾ ਜੀ ਯਾਨੀ ਮੁਲਾਇਮ ਸਿੰਘ ਯਾਦਵ ਦਾ ਉਤਰਾਧਿਕਾਰੀ ਹਾਂ। ਅਖਿਲੇਸ਼ ਨੇ ਬਿਆਨ ਵਿੱਚ ਅਮਰ ਸਿੰਘ ਨੂੰ ਦਲਾਲ ਦੱਸਿਆ।

ਅਖਿਲੇਸ਼ ਨੇ ਕਿਹਾ ਕਿ ਉਹ ਅਮਰ ਸਿੰਘ ਤੇ ਕਾਰਵਾਈ ਕਰਨਗੇ। ਅਮਰ ਸਿੰਘ ਨੇ ਹੀ ਸਾਰੀ ਅੱਗ ਲਾਈ ਹੈ। ਅਹਿਮ ਬੈਠਕ ਵਿੱਚ ਮੌਜੂਦ ਰਾਜੂ ਯਾਦਵ ਦਾ ਦਾਅਵਾ ਹੈ ਕਿ ਅਮਰ ਸਿੰਘ ਦੇ ਸਮਰਥਕਾਂ 'ਤੇ ਵੀ ਕਾਰਵਾਈ ਹੋਵੇਗੀ।