ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਵਧ ਗਈਆਂ ਹਨ। ਇੱਕ ਖੁਫੀਆ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਫੌਜ ਤੇ ਆਈਐਸਆਈ ਦੀ ਮਦਦ ਨਾਲ ਪਾਕਿਸਤਾਨ ਦੇ ਤਿੰਨ ਵੱਡੇ ਅੱਤਵਾਦੀ ਸੰਗਠਨਾਂ- ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੌਇਬਾ ਤੇ ਹਿਜ਼ਬੁਲ ਮੁਜ਼ਾਹਿਦੀਨ ਨੂੰ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।


ਇਸ ਦੇ ਇਲਾਵਾ ਪਾਕਿਸਤਾਨ ਵੱਲੋਂ ਭਾਰਤ ਦੇ ਕੁਝ ਹੋਰ ਹਿੱਸਿਆਂ ਵਿੱਚ ਵੀ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਇਸ ਵਿੱਚ ਕੁਝ ਸਿਆਸੀ ਤੇ ਪੁਲਿਸ ਕਤਲੇਆਮ ਕੀਤੇ ਜਾਣ ਦੀ ਸੰਭਾਵਨਾ ਹੈ। ਏਐਨਆਈ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਦਸਤਾਵੇਜ਼ਾਂ ਤੋਂ ਇਸ ਦੀ ਜਾਣਕਾਰੀ ਹਾਸਲ ਕੀਤੀ ਹੈ। ਇਨ੍ਹਾਂ ਖੁਫੀਆ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਹਫ਼ਤੇ ਪੁਲਵਾਮਾ ਵਿੱਚ ਇੱਕ ਜਗ੍ਹਾ 'ਤੇ ਮੀਟਿੰਗ ਹੋਈ ਸੀ, ਜਿੱਥੇ ਤਿੰਨ ਅੱਤਵਾਦੀ ਸੰਗਠਨਾਂ (ਜੈਸ਼, ਲਸ਼ਕਰ ਤੇ ਹਿਜਬੁਲ) ਨੂੰ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।


ਇਨ੍ਹਾਂ ਖੁਫੀਆ ਦਸਤਾਵੇਜ਼ਾਂ ਅਨੁਸਾਰ ਇੱਕ ਭਰੋਸੇਮੰਦ ਇਨਪੁਟ ਹੈ ਕਿ ਹਾਲ ਹੀ ਵਿੱਚ ਪੁਲਵਾਮਾ ਵਿੱਚ ਇੱਕ ਅਣਪਛਾਤੀ ਥਾਂ 'ਤੇ ਅੱਤਵਾਦੀ ਵੱਲੋਂ ਇਹ ਮੀਟਿੰਗ ਕੀਤੀ ਗਈ ਸੀ। ਇਸ ਵਿੱਚ ਬਹੁਤ ਸਾਰੇ ਅੱਤਵਾਦੀ ਸੰਗਠਨਾਂ ਨੂੰ ਭਵਿੱਖ ਵਿੱਚ ਭਾਰਤ 'ਤੇ ਅੱਤਵਾਦੀ ਹਮਲੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।


ਖੁਫੀਆ ਅਲਰਟ ਵਿੱਚ ਕਿਹਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਨੂੰ ਨੈਸ਼ਨਲ ਹਾਈਵੇਅ 'ਤੇ ਅੱਤਵਾਦੀ ਹਮਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲਸ਼ਕਰ-ਏ-ਤੋਇਬਾ ਨੂੰ ਅੰਦਰੂਨੀ ਸੁਰੱਖਿਆ ਸੰਸਥਾਵਾਂ 'ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਹਿਜ਼ਬੁਲ ਮੁਜ਼ਾਹਿਦੀਨ ਨੂੰ ਪੁਲਿਸ ਤੇ ਸਿਆਸੀ ਕਤਲੇਆਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


ਇਸ ਖੁਫੀਆ ਜਾਣਕਾਰੀ ਦੇ ਬਾਅਦ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਖੁਫੀਆ ਏਜੰਸੀਆਂ, ਸਥਾਨਕ ਪੁਲਿਸ ਤੇ ਫੌਜ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ। ਭਾਰਤੀ ਫੌਜ ਤੇ ਏਜੰਸੀਆਂ ਪਾਕਿਸਤਾਨ ਦੀ ਗਤੀਵਿਧੀ 'ਤੇ ਨਜ਼ਰ ਰੱਖ ਰਹੀਆਂ ਹਨ।