ਸ਼੍ਰੀਨਗਰ: ਦੀਵਾਲੀ ਤੋਂ ਪਹਿਲਾਂ ਪਾਕਿਸਤਾਨੀ ਸੈਨਾ ਨੇ ਜੰਮੂ-ਕਸ਼ਮੀਰ 'ਚ LOC ਦੇ ਚਾਰ ਸੈਕਟਰਾਂ ਵਿੱਚ ਗੋਲੀਬਾਰੀ ਕੀਤੀ ਹੈ। ਇਸ ਗੋਲੀਬਾਰੀ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਹਨ। ਤਿੰਨ ਨਾਗਰਿਕਾਂ ਦੀ ਵੀ ਇਸ ਹਮਲੇ ਵਿੱਚ ਮੌਤ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਸੈਨਾ ਦੁਸ਼ਮਣ ਦੇ ਹਮਲੇ ਦਾ ਮੁੰਹ ਤੋੜ ਜਵਾਬ ਦੇ ਰਹੀ ਹੈ।

ਅਧਿਕਾਰੀਆਂ ਮੁਤਾਬਕ, ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਇਜ਼ਮਾਰਗ 'ਚ ਸੀਜ਼ ਫਾਇਰ ਦੀ ਉਲੰਘਣਾ ਕੀਤੀ ਗਈ। ਕੁਝ ਮਿੰਟਾਂ ਬਾਅਦ, ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿੱਚ ਵੀ ਫਾਇਰਿੰਗ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਨੇ ਬਾਰਾਮੂਲਾ ਦੇ ਉੜੀ ਸੈਕਟਰ ਵਿੱਚ ਵੀ ਭਾਰਤੀ ਚੌਕੀਆਂ ‘ਤੇ ਗੋਲੀਆਂ ਚਲਾਈਆਂ ਹਨ। ਪਣਛ ਜ਼ਿਲ੍ਹੇ ਦੇ ਸਵਜੀਨ ਖੇਤਰ ਵਿੱਚ ਵੀ ਪਾਕਿਸਤਾਨੀ ਫੌਜ ਨੇ ਗੋਲੀਆਂ ਚਲਾਈਆਂ ਹਨ।

ਅੱਜ ਲਗਾਤਾਰ ਚੌਥਾ ਦਿਨ ਹੈ ਜਦੋਂ ਪਾਕਿਸਤਾਨੀ ਫੌਜ ਨੇ ਫਾਇਰਿੰਗ ਕੀਤੀ ਹੈ। ਦੱਸ ਦਈਏ ਕਿ ਪਾਕਿਸਤਾਨੀ ਸੈਨਾ ਨੇ ਜੰਮੂ ਤੇ ਕਸ਼ਮੀਰ ਦੇ ਰਾਜੌਰੀ ਅਤੇ ਪੂੰਛ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਚਾਰ ਸੈਕਟਰਾਂ ਦੀਆਂ ਸਰਹੱਦੀ ਖੇਤਰਾਂ ਤੇ ਚੌਕੀਆਂ ‘ਤੇ ਵੀ ਭਾਰੀ ਗੋਲੀਬਾਰੀ ਕੀਤੀ ਸੀ। ਪਾਕਿਸਤਾਨੀ ਸੈਨਿਕ ਇਸ ਮਹੀਨੇ ਵਿੱਚ ਹੁਣ ਤਕ 24 ਵਾਰ ਸੀਜ਼ਫਾਇਰ ਦੀ ਉਲੰਘਣਾ ਕਰ ਚੁੱਕੇ ਹਨ।