ਨਵੀਂ ਦਿੱਲੀ : ਭਾਰਤ ਨੇ ਜੰਮੂ-ਕਸ਼ਮੀਰ LOC 'ਤੇ ਚਰਮਪੰਥੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਇਕ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਪਾਕਿਸਤਾਨ ਨੇ ਇਸ ਨੂੰ ਸਰਹੱਦ 'ਤੇ ਹੋਣ ਵਾਲੀ ਝੜਪ ਦੱਸਿਆ ਹੈ, ਜੋ ਅਕਸਰ ਹੁੰਦੀ ਰਹਿੰਦੀ ਹੈ। ਇਸ ਸਰਜੀਕਲ ਸਟ੍ਰਾਇਕ ਤੋਂ ਬਾਅਦ ਭਾਰਤ ਵੱਲੋਂ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਹੁਕਮ ਜਾਰੀ ਕਰ ਸਰਹੱਦ ਨਾਲ ਲੱਗੇ 10 ਕਿਲੋਮੀਟਰ ਦੇ ਖੇਤਰ ਵਿੱਚ ਪੈਂਦੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਪਰ ਪਾਕਿਸਤਾਨ ਵੱਲੋਂ ਮਿਲ ਰਹੇ ਜਵਾਬ ਤੋਂ ਲੱਗ ਰਿਹਾ ਹੈ ਕਿ ਪਾਕਿ ਜੰਗ ਦੇ ਮੂੜ ਵਿੱਚ ਨਹੀਂ ਹੈ।
ਹਾਲਾਂਕਿ ਪਾਕਿਸਤਾਨ ਨੇ ਮੰਨਿਆ ਹੈ ਕਿ ਉਸ ਦੇ ਦੋ ਸੈਨਿਕ ਇਸ ਕਾਰਵਾਈ ਵਿੱਚ ਮਾਰੇ ਗਏ ਹਨ। ਸੁਰੱਖਿਆ ਮਾਹਿਰ ਆਈਸ਼ਾ ਸਿੱਦੀਕਾ ਦਾ ਕਹਿਣਾ ਸੀ ਕਿ ਭਾਰਤ ਦੇ ਦਾਅਵੇ ਦੇ ਉਲਟ ਪਾਕਿਸਤਾਨ ਕਹਿ ਰਿਹਾ ਹੈ ਕਿ ਆਮ ਝੜਪਾਂ ਹੋਈਆਂ ਸਨ, ਜਿਸ ਤੋਂ ਲੱਗਦਾ ਹੈ ਕਿ ਪਾਕਿਸਤਾਨ ਕੋਈ ਜਵਾਬੀ ਕਾਰਵਾਈ ਦੀ ਗੱਲ ਨਹੀਂ ਕਰ ਰਿਹਾ। ਸਿੱਦੀਕਾ ਕਹਿੰਦੀ ਹੈ ਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਭਾਰਤ ਝੂਠ ਬੋਲ ਰਿਹਾ ਹੈ। ਹਾਲਾਂਕਿ ਉਸ ਨੇ ਮੰਨਿਆ ਹੈ ਕਿ ਉਸ ਦੇ ਦੋ ਜਵਾਨ ਮਾਰੇ ਗਏ ਹਨ।
ਇਸ ਬਾਰੇ ਸੁਰੱਖਿਆ ਮਾਹਿਰ ਰਾਹੁਲ ਬੇਦੀ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਦੋਵੇਂ ਮੁਲਕ ਦੋ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਸੈਨਾ ਨੇ ਕੰਟਰੋਲ ਲਾਈਨ ਨੂੰ ਪਾਰ ਕਰਕੇ ਕਾਰਵਾਈ ਕੀਤੀ ਹੈ। ਬੇਦੀ ਕਹਿੰਦੇ ਹਨ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ 25 ਤੋਂ 30 ਦੇਸ਼ਾਂ ਦੇ ਦਿੱਲੀ ਵਿੱਚ ਮੌਜ਼ੂਦ ਰਾਜਦੂਤਾਂ ਨੂੰ ਬੁਲਾ ਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ।
 
ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਬੈਕਗ੍ਰਾਉਂਡ ਬ੍ਰੀਫਿੰਗ ਕੀਤੀ ਗਈ ਹੈ ਜਿਸ ਨਾਲ ਜ਼ਾਹਿਰ ਹੈ ਕਿ ਸੈਨਾ ਜਾਂ ਸਪੈਸ਼ਲ ਫੋਰਸ ਨੇ ਕੰਟਰੋਲ ਲਾਈਨ ਪਾਰ ਕੀਤੀ ਹੈ ਪਰ ਦੂਜੇ ਪਾਸੇ ਜਾ ਕੇ ਕੀ ਕਾਰਵਾਈ ਕੀਤੀ ਗਈ ਹੈ, ਇਸ ਦੇ ਲਈ ਸਾਨੂੰ ਹਾਲੇ ਭਾਰਤੀ ਫੌਜ ਜਾਂ ਬੁਲਾਰੇ ਦੀ ਗੱਲ ਨੂੰ ਹੀ ਫਿਲਹਾਲ ਮੰਨਣਾ ਹੋਵੇਗਾ। ਬੇਦੀ ਨੇ ਕਿਹਾ ਕਿ ਸਾਡੇ ਕੋਲ ਇਸ ਗੱਲ ਦੀ ਸੁੰਤਤਰ ਤੌਰ 'ਤੇ ਪੁਸ਼ਟੀ ਕਰਨ ਦਾ ਕੋਈ ਜ਼ਰੀਆ ਨਹੀਂ।