ਅਟਾਰੀ: ਚੌਦਾਂ ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਅੱਜ ਵਾਹਗਾ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਆਪਸੀ ਸਾਂਝ ਦੀ ਵੱਖਰੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਜਵਾਨਾਂ ਨੂੰ ਮਠਿਆਈਆਂ ਵੰਡੀਆਂ।
ਪਾਕਿਸਤਾਨ ਦੇ ਪੰਜਾਬ ਫਰੰਟੀਅਰ ਦੇ ਵਿੰਗ ਕਮਾਂਡਰ ਬਿਲਾਲ ਅਹਿਮਦ ਨੇ ਭਾਰਤ ਦੇ ਬੀਐਸਐਫ ਅਧਿਕਾਰੀਆਂ ਨੂੰ ਮਿਠਾਈ ਭੇਟ ਕੀਤੀ। ਭਾਰਤੀ ਫੌਜ ਵੱਲੋਂ ਕਮਾਂਡੈਂਟ ਸੁਦੀਪ ਨੇ ਇਹ ਮਿਠਾਈ ਹਾਸਲ ਕੀਤੀ।
ਭਾਰਤ ਵੱਲੋਂ ਵੀ ਕੱਲ੍ਹ ਬੀਐਸਐਫ ਦੇ ਅਧਿਕਾਰੀ ਵੀ ਇਸੇ ਤਰ੍ਹਾਂ ਪਾਕਿਸਤਾਨੀ ਫੌਜੀਆਂ ਮਠਿਆਈ ਭੇਟ ਕਰਨਗੇ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਇਹ ਪੁਰਾਣੀ ਪਰੰਪਰਾ ਹੈ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਤਹਿਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਨੂੰ ਵਧਾਈ ਦਿੰਦੀਆਂ ਹਨ।
ਪਾਕਿਸਤਾਨ ਵੱਲੋਂ ਅੱਜ ਪਾਕਿਸਤਾਨੀ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਦ ਕਿ ਬੀਐਸਐਫ ਵੱਲੋਂ ਕੱਲ੍ਹ ਵਾਹਗਾ ਸਰਹੱਦ ’ਤੇ ਰੰਗਾਰੰਗ ਪ੍ਰੋਗਰਾਮ ਕਰਾਇਆ ਜਾਵੇਗਾ। ਭਾਰਤ ਤੇ ਪਾਕਿਸਤਾਨ ਇਕੱਠੇ ਆਜ਼ਾਦ ਹੋਏ ਸਨ, ਸਿਰਫ ਇਨ੍ਹਾਂ ਵਿੱਚ ਇੱਕ ਦਿਨ ਦਾ ਫਰਕ ਸੀ।