ਮੁੰਬਈ: ਡਾਲਰ ਦੇ ਮੁਕਾਬਲੇ ਰੁਪਇਆ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਰੁਪਏ 'ਚ ਲਗਾਤਾਰ ਗਿਰਾਵਟ ਨਾਲ ਡਾਲਰ ਦੇ ਮੁਕਾਬਲੇ ਰੁਪਈਆ 70.07 'ਤੇ ਪਹੁੰਚ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।
ਰੁਪਏ 'ਚ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ 'ਚ ਹੜਕੰਪ ਮੱਚ ਗਿਆ। ਅੱਜ ਸਵੇਰੇ ਸ਼ੁਰੂਆਤੀ ਕਾਰੋਬਾਰ 'ਚ ਰੁਪਏ 'ਚ ਮਜ਼ਬੂਤੀ ਦੇਖੀ ਗਈ ਤੇ ਰੁਪਇਆ 23 ਪੈਸੇ ਵਧ ਕੇ 69.68 'ਤੇ ਪਹੁੰਚ ਗਿਆ ਪਰ ਬਹੁਤ ਜਲਦ ਇਹ ਵਾਧਾ ਗਿਰਾਵਟ 'ਚ ਤਬਦੀਲ ਹੋਕੇ ਰੁਪਈਆ 70 ਦਾ ਅੰਕੜਾ ਪਾਰ ਕਰ ਗਿਆ।
ਵਿਸ਼ਵ ਬਜ਼ਾਰ 'ਚ ਰੁਪਏ ਦੀ ਗਿਰਾਵਟ 'ਤੇ ਦਰਅਸਲ ਅਮਰੀਕਾ ਤੇ ਤੁਰਕੀ ਵਿਚਾਲੇ ਚੱਲ ਰਹੀ ਟਰੇਡ ਵਾਰ ਦਾ ਅਸਰ ਮੰਨਿਆ ਜਾ ਰਿਹਾ ਹੈ। ਹਾਲ ਹੀ 'ਚ ਅਮਰੀਕਾ ਨੇ ਤੁਰਕੀ ਨਾਲ ਆਪਣੇ ਵਿਗੜਦੇ ਰਿਸ਼ਤਿਆਂ ਦਰਮਿਆਨ ਨਵੀਂ ਕਰ ਨੀਤੀ ਦਾ ਐਲਾਨ ਕੀਤਾ ਹੈ।
ਅਮਰੀਕਾ ਦੀ ਨਵੀਂ ਨੀਤੀ ਮੁਤਾਬਕ ਤੁਰਕੀ ਲਈ ਸਟੀਲ ਤੇ ਐਲੂਮੀਨੀਅਮ ਦੇ ਆਯਾਤ 'ਤੇ ਲੱਗਣ ਵਾਲੇ ਕਰਾਂ ਨੂੰ ਦੁੱਗਣਾ ਕਰ ਦਿੱਤਾ ਹੈ। ਅਮਰੀਕਾ ਦੇ ਇਸ ਫੈਸਲੇ ਨਾਲ ਵਿਸ਼ਵ ਬਜ਼ਾਰ 'ਚ ਅਸਥਿਰਤਾ ਦਾ ਮਾਹੌਲ ਹੈ ਜਿਸ ਕਾਰਨ ਰੁਪਏ ਦੀ ਕੀਮਤ ਤੇਜ਼ੀ ਨਾਲ ਡਿੱਗੀ ਹੈ।