ਨਵੀਂ ਦਿੱਲੀ: ਪਾਕਿਸਤਾਨ ਵੱਲੋਂ ਮਿਲ ਰਹੀਆਂ ਧਮਕੀਆਂ ‘ਤੇ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਕੇ.ਜੇ. ਐਸ ਢਿੱਲੋਂ ਨੇ ਕਿਹਾ, ‘ਆਉਣ ਦਿਓ ਉਨ੍ਹਾਂ (ਪਾਕਿਸਤਾਨ) ਨੂੰ ਅਤੇ ਘਾਟੀ 'ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਦਿਓ, ਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿਆਂਗੇ। ਅਸੀਂ ਸਾਰਿਆਂ ਦਾ ਖਿਆਲ ਰੱਖਾਂਗੇ।”


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ, “ਜੇਕਰ ਭਾਰਤ, ਕਸ਼ਮੀਰ ਦੇ ਲੋਕਾਂ ਨੂੰ ਪਰੇਸ਼ਾਨ ਕਰਦਾ ਰਿਹਾ ਤਾਂ ਇੱਕ ਹੋਰ ਪੁਲਵਾਮਾ ਵਰਗਾ ਅੱਤਵਾਦੀ ਹਮਲਾ ਹੋ ਸਕਦਾ ਹੈ।” ਇਸ ਸਭ ਦੀ ਸ਼ੁਰੂਆਤ ਸੋਮਵਾਰ 5 ਅਗਸਤ ਤੋਂ ਸ਼ੁਰੂ ਹੋਈ, ਜਦੋਂ ਮੋਦੀ ਸਰਕਾਰ ਨੇ ਰਾਜਸਭਾ ‘ਚ ਜੰਮੂ-ਕਸ਼ਮੀਰ ਚੋਂ ਧਾਰਾ 370 ਨੂੰ ਖ਼ਤਮ ਕਰ ਉਸ ਨੂੰ ਦੋ ਕੇਂਦਰ ਪ੍ਰਸਾਸਿਤ ਸੂਬਿਆਂ ‘ਚ ਵੰਡ ਦਿੱਤਾ ਗਿਆ। ਇਸ ਫੈਸਲੇ ਤੋਂ ਪਹਿਲਾਂ ਸਰਕਾਰ ਨੇ ਸੂਬੇ ‘ਚ ਭਾਰੀ ਫੌਜ ਤਾਇਨਾਤ ਕੀਤੀ ਸੀ। ਸੂਬੇ ‘ਚ ਸੰਚਾਰ ਸੇਵਾਵਾਂ, ਇੰਟਰਨੈੱਟ, ਲੈਂਡਲਾਈਨ ਸਭ ਠੱਪ ਕਰ ਦਿੱਤਾ ਗਿਆ ਸੀ।


ਸੂਬੇ ‘ਚ ਅੱਜ ਧਾਰਾ 370 ਹਟਣ ਤੋਂ ਬਾਅਦ ਪਹਿਲੂ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ ਜਿਸ ਮੌਕੇ ਕਰਫਿਊ ‘ਚ ਹਾਲਾਤ ਕੁਝ ਆਮ ਨਜ਼ਰ ਆ ਰਿਹਾ ਹੈ। ਉਂਝ ਕੇਂਦਰ ਸਰਕਾਰ ਲਈ ਆਉਣ ਵਾਲਾ ਹਫਤਾ ਅਗਨੀ ਪ੍ਰੀਖਿਆ ਦਾ ਹੈ ਕਿਉਂਕਿ 12 ਅਗਸਤ ਨੂੰ ਬਕਰਈਦ ਹੈ ਅਤੇ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਅਤੇ 15 ਅਗਸਤ ਨੂੰ ਭਾਰਤ ਆਜ਼ਾਦੀ ਦਿਹਾੜਾ ਮਨਾਏਗਾ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਸਰਕਾਰ ਕੀ ਰੁਖ ਅਖ਼ਤਿਆਰ ਕਰਦੀ ਹੈ।