ਚੰਡੀਗੜ੍ਹ: ਵੈਸਟਇੰਡੀਜ਼-ਏ ਖ਼ਿਲਾਫ਼ ਚੱਲ ਰਹੀ ਅਨਆਫੀਸ਼ਿਅਲ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਤੀਜੇ ਦਿਨ ਦੋਹਰਾ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗਿੱਲ ਨੇ ਨਾਬਾਦ 204 ਦੌੜਾਂ ਬਣਾਈਆਂ ਤੇ ਭਾਰਤ-ਏ ਨੂੰ ਮੁਸ਼ਕਲ ਤੋਂ ਪਰ੍ਹੇ ਕੀਤਾ।


ਮੈਚ ਦੇ ਦੂਜੇ ਦਿਨ ਦੇ ਸਟੰਪਸ ਦੇ ਸਮੇਂ ਭਾਰਤ-ਏ ਦਾ ਸਕੋਰ 23/3 ਸੀ ਪਰ ਗਿੱਲ ਨੇ ਹਨੁਮਾ ਵਿਹਾਰੀ (ਨਾਬਾਦ 118) ਨਾਲ ਮਿਲ ਕੇ ਟੀਮ ਨੂੰ ਸੰਭਾਲਿਆ ਤੇ 365 ਦੌੜਾਂ ਦੀ ਪਾਰੀ ਐਲਾਨੀ। ਮੈਚ ਦੇ ਤੀਜੇ ਦਿਨ ਦੇ ਸਟੰਪਸ ਵੇਲੇ ਦੂਜੀ ਪਾਰੀ ਵਿੱਚ ਵੈਸਟਇੰਡੀਜ਼-ਏ ਦਾ ਸਕੋਰ 37/0 ਹੈ ਜਦਕਿ ਉਨ੍ਹਾਂ ਨੂੰ ਜਿੱਤ ਲਈ 336 ਦੌੜਾਂ ਦੀ ਹੋਰ ਲੋੜ ਹੈ।


ਤ੍ਰਿਨਿਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ ਵਿਚ ਚੱਲ ਰਹੇ ਮੈਚ ਦੇ ਤੀਜੇ ਦਿਨ ਗਿੱਲ ਨੇ ਦੂਜੀ ਪਾਰੀ ਵਿੱਚ ਵੈਸਟਇੰਡੀਜ਼-ਏ ਦੇ ਖ਼ਿਲਾਫ਼ ਦੋਹਰਾ ਸੈਂਕੜਾ ਲਾ ਕੇ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗਿੱਲ ਹੁਣ ਭਾਰਤ ਵੱਲੋਂ ਫਰਸਟ ਕਲਾਸ ਕ੍ਰਿਕੇਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਇਹ ਕਾਰਨਾਮਾ ਉਸ ਨੇ ਸਿਰਫ 19 ਸਾਲ 334 ਦਿਨਾਂ ਦੀ ਉਮਰ ਵਿੱਚ ਕੀਤਾ ਹੈ। ਉਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਕ੍ਰਿਕੇਟਰ ਤੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਦੇ ਨਾਂ ਸੀ।