ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ‘ਚ ਆਏ ਭਿਆਨਕ ਹੜ੍ਹ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪਾਰਟੀ ਵਰਕਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਆਪਣੇ ਸੰਸਦੀ ਖੇਤਰ ਵਾਇਨਾਡ ‘ਚ ਆਏ ਹੜ੍ਹ ਦੇ ਹਾਲਾਤ ਅਤੇ ਮਦਦ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕਰਨਗੇ।


ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਕੇਰਲਾ, ਕਰਨਾਟਕ, ਅਸਮ ਅਤੇ ਬਿਹਾਰ ‘ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਲੱਖਾਂ ਲੋਕ ਫਸੇ ਹੋਏ ਹਨ ਜਾਂ ਆਪਣਾ ਘਰ ਛੱਡ ਕਿਤੇ ਹੋਰ ਜਾ ਚੁੱਕੇ ਹਨ।” ਉਨ੍ਹਾਂ ਕਿਹਾ, “ਮੈਂ ਹੜ੍ਹ ਪ੍ਰਭਾਵਿਤ ਸੂਬਿਆਂ ‘ਚ ਕਾਂਗਰਸ ਵਰਕਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਜ਼ਰੂਰਤਮੰਦਾਂ ਦੀ ਮਦਦ ਲਈ ਜੋ ਵੀ ਕਰ ਸਕਦੇ ਹਨ, ਉਹ ਕਰਨ।”


ਗਾਂਧੀ ਨੇ ਕਿਹਾ, “ਮੈਂ ਦੁਆ ਕਰਦਾ ਹਾਂ ਕਿ ਹੜ੍ਹ ਦਾ ਪਾਣੀ ਜਲਦੀ ਘੱਟ ਹੋਵੇ।” ਆਪਣੇ ਸੰਸਦੀ ਖੇਤਰ ਵਾਇਨਾਡ ‘ਚ ਹੜ੍ਹ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ, “ਵਾਇਨਾਡ ਦੇ ਲੋਕਾਂ ਦੇ ਨਾਲ ਮੇਰੀ ਹਮਦਰਦੀ ਅਤੇ ਦੁਆ ਹੈ ਜੋ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਮੈਂ ਵਾਇਨਾਡ ਜਾਣ ਵਾਲਾ ਸੀ, ਪਰ ਮੈਨੂੰ ਮੇਰੇ ਅਧਿਕਾਰੀਆਂ ਨੇ ਕਿਹਾ ਕਿ ਮੇਰੀ ਉੱਥੇ ਮੌਜੂਦਗੀ ਨਾਲ ਰਾਹਤ ਕਾਰਜ ‘ਚ ਰੁਕਾਵਟ ਆ ਸਕਦੀ ਹੈ। ਮੈਂ ਅਧਿਕਾਰੀਆਂ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਿਹਾ ਹਾਂ।”

ਰਾਹੁਲ ਨੇ ਅੱਗੇ ਕਿਹਾ, “ਅੱਜ ਮੈਂ ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ ਨਾਲ ਗੱਲ ਕੀਤੀ ਅਤੇ ਵਾਇਨਾਡ ‘ਚ ਹੜ੍ਹ ਦੇ ਹਾਲਾਤਾਂ ਵੱਲ ਉਨ੍ਹਾਂ ਦਾ ਧਿਆਨ ਦਿਵਾਇਆ। ਮੈਂ ਵਾਇਨਾਡ, ਕੋਝੀਕੋਡ ਅਤੇ ਮਲਪੁੱਰਮ ਦੇ ਕਲੈਕਟਰਾਂ ਨਾਲ ਵੀ ਗੱਲ ਕੀਤੀ। ਗਾਂਧੀ ਨੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਣਦਾ ਵਿੱਤੀ ਪੈਕੇਜ ਦੇਵੇਗੀ।” ਬਾਅਦ ‘ਚ ਉਨ੍ਹਾਂ ਨੇ ਕਿਹਾ, “ਮੈਂ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅੱਗੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਾਂਗਾ ਕਿ ਮੇਰੇ ਸੰਸਦੀ ਖੇਤਰ ਨੂੰ ਮਦਦ ਦੀ ਲੋੜ ਹੈ।”