ਨਵੀਂ ਦਿੱਲੀ: ਜੰਮੂ ਤੇ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈ ਇਸ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਣ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ ਹਾਲਾਤ ਠੀਕ ਹੁੰਦੇ ਹੀ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਵਾਪਸ ਦੇ ਦਿੱਤਾ ਜਾਵੇਗਾ।


ਘਾਟੀ ਵਿੱਚ ਪਿਛਲੇ ਚਾਰ ਦਿਨਾਂ ਤੋਂ ਕਰਫਿਊ ਜਾਰੀ ਹੈ ਅਤੇ ਹੁਣ 12 ਅਗਸਤ ਨੂੰ ਕਸ਼ਮੀਰ ਵਿੱਚ ਈਦ (ਬਕਰਈਦ) ਦਾ ਤਿਓਹਾਰ ਵੀ ਮਨਾਇਆ ਜਾਣਾ ਹੈ। ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਸਰਕਾਰ ਧਿਆਨ ਰੱਖੇਗੀ ਕਿ ਈਦ ਮਨਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਜੋ ਲੋਕ ਜੰਮੂ-ਕਸ਼ਮੀਰ ਤੋਂ ਬਾਹਰ ਰਹਿੰਦੇ ਹਨ ਤੇ ਈਦ ਮਨਾਉਣ ਲਈ ਆਪਣੇ ਘਰ ਪਤਰਣਾ ਚਾਹੁੰਦੇ ਹਨ ਸਰਕਾਰ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।


ਮੋਦੀ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਲੋਕ ਛੇਤੀ ਤੋਂ ਛੇਤੀ ਆਪਣੀ ਸਰਕਾਰ ਚੁਣ ਸਕਣ। ਉਨ੍ਹਾਂ ਇਹ ਵੀ ਕਿਹਾ ਜਦੋਂ ਵੀ ਹਾਲਾਤ ਆਮ ਵਾਂਗ ਹੋ ਜਾਂਦੇ ਹਨ ਤਾਂ ਜੰਮੂ-ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਵਾਪਸ ਦੇ ਦਿੱਤਾ ਜਾਵੇਗਾ। ਹਾਲਾਂਕਿ, ਇਹ ਕੋਈ ਨਵਾਂ ਐਲਾਨ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸੰਸਦ ਵਿੱਚ ਇਹ ਬਿਆਨ ਦੇ ਚੁੱਕੇ ਹਨ।