India Pak Tension: ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (29 ਅਪ੍ਰੈਲ 2025) ਨੂੰ ਤਿੰਨੋਂ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਇਸ ਦਾ ਸਿੱਧਾ ਅਸਰ ਪਾਕਿਸਤਾਨ 'ਚ ਵੀ ਵੇਖਣ ਨੂੰ ਮਿਲਿਆ। ਪਾਕਿਸਤਾਨ ਦੇ ਜਾਣਕਾਰੀ ਮੰਤਰੀ ਅਤਾਉੱਲਾ ਤਰਾਰ ਨੇ ਬੁੱਧਵਾਰ ਨੂੰ X (ਪਹਿਲਾਂ ਟਵਿੱਟਰ) 'ਤੇ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਸਾਡੇ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੈ ਕਿ ਭਾਰਤ ਅਗਲੇ 24 ਤੋਂ 36 ਘੰਟਿਆਂ ਵਿੱਚ ਪਾਕਿਸਤਾਨ 'ਤੇ ਸੈਨਾ ਦੀ ਕਾਰਵਾਈ ਕਰ ਸਕਦਾ ਹੈ।
ਜਾਣਕਾਰੀ ਮੰਤਰੀ ਅਤਾਉੱਲਾ ਤਰਾਰ ਨੇ ਭਾਰਤ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਕਿਸੇ ਵੀ ਨਿਰਪੱਖ ਜਾਂਚ ਦੀ ਬਜਾਏ ਸਿੱਧਾ ਸੈਨਾ ਰਾਹੀਂ ਕਾਰਵਾਈ ਦੀ ਤਿਆਰੀ ਕਰ ਲਈ ਹੈ, ਜੋ ਕਿ ਖੇਤਰੀ ਅਮਨ ਲਈ ਘਾਤਕ ਸਾਬਤ ਹੋ ਸਕਦੀ ਹੈ। ਤਰਾਰ ਦੇ ਅਨੁਸਾਰ, ਪਾਕਿਸਤਾਨ ਸਰਕਾਰ ਨੇ ਮਾਮਲੇ ਦੀ ਨਿਰਪੱਖ, ਖੁੱਲ੍ਹੀ ਅਤੇ ਅੰਤਰਰਾਸ਼ਟਰੀ ਵਿਸ਼ੇਸ਼ਗਿਆਂ ਦੀ ਮਦਦ ਨਾਲ ਜਾਂਚ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਨੇ ਇਹ ਪੇਸ਼ਕਸ਼ ਨਾ ਮੰਨਦੇ ਹੋਏ ਟਕਰਾਅ ਦੇ ਰਸਤੇ ਨੂੰ ਆਪਣਾ ਲਿਆ ਹੈ।
ਪਾਕਿ ਵੀ ਹਾਈ ਅਲਰਟ 'ਤੇ
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ ਨੇ ਰੌਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦਾ ਦੇਸ਼ ਹਾਈ ਅਲਰਟ 'ਤੇ ਹੈ ਅਤੇ ਜੇਕਰ ਭਾਰਤ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਵਲੋਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਸਿਰਫ਼ ਉਸ ਸਥਿਤੀ ਵਿੱਚ ਕੀਤੀ ਜਾਵੇਗੀ ਜਦੋਂ ਦੇਸ਼ ਦੇ ਅਸਤੀਤਵ ਨੂੰ ਸਿੱਧਾ ਖ਼ਤਰਾ ਹੋਵੇ।
PM ਮੋਦੀ ਨੇ ਤਿੰਨੋਂ ਫੌਜਾਂ ਨੂੰ ਦਿੱਤੀ ਖੁੱਲ੍ਹੀ ਛੁੱਟੀ
ਦੂਜੇ ਪਾਸੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦਾ ਪੂਰੀ ਤਰ੍ਹਾਂ ਨਾਸ ਕਰਨ ਲਈ ਖੁੱਲੀ ਛੋਟ ਦਿੱਤੀ ਗਈ ਹੈ। ਭਾਰਤ ਵਲੋਂ ਇਨ੍ਹਾਂ ਦਿਨਾਂ ਚ ਕਈ ਵੱਡੇ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਕਾਰਨ ਪਾਕਿਸਤਾਨ ਵਿੱਚ ਹਲਚਲ ਮਚੀ ਹੋਈ ਹੈ। ਭਾਰਤ ਨੇ ਸਿੰਧੂ ਜਲ ਸੰਧੀ ਰੱਦ ਕਰ ਦਿੱਤੀ ਹੈ, ਪਾਕਿਸਤਾਨੀ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ।
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਭਿਆਨਕ ਅੱਤਵਾਦੀ ਹਮਲਾ ਹੋਇਆ, ਜਿਸ ਵਿੱਚ 26 ਬੇਗੁਨਾਹ ਨਾਗਰਿਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦੀ ਸਥਿਤੀ ਬਣ ਗਈ ਹੈ। ਭਾਰਤ ਨੇ ਇਸ ਹਮਲੇ ਦੇ ਪਿੱਛੇ ਪਾਕਿਸਤਾਨੀ ਅੱਤਵਾਦੀ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂਕਿ ਪਾਕਿਸਤਾਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।