ਨਵੀਂ ਦਿੱਲੀ: ਉੜੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੀ ਘੇਰਾਬੰਦੀ ਲਈ ਚੁੱਕੇ ਗਏ ਕਦਮਾਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪਾਕਿਸਤਾਨ ਵਿੱਚ ਨਵੰਬਰ ਵਿੱਚ ਹੋਣ ਵਾਲੇ ਸਾਰਕ ਸੰਮੇਲਨ ਨੂੰ ਰੱਦ ਕਰ ਦਿੱਤਾ ਹੈ। ਫੈਸਲੇ ਦਾ ਅਧਿਕਾਰਤ ਐਲਾਨ ਅੱਜ ਦੇਰ ਸ਼ਾਮ ਤੱਕ ਹੋਣ ਦੀ ਸੰਭਾਵਨਾ ਹੈ। ਸਾਰਕ ਸਮਾਗਮ ਦੇ ਪ੍ਰਧਾਨ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਹਾਲੇ ਰਾਜਧਾਨੀ ਕਾਠਮੰਡੂ ਤੋਂ ਬਾਹਰ ਹੋਣ ਕਾਰਨ ਫੈਸਲੇ 'ਤੇ ਹਸਤਾਖਰ ਨਹੀਂ ਹੋ ਸਕੇ। ਨੇਪਾਲ ਦੇ ਪ੍ਰਧਾਨ ਮੰਤਰੀ ਅੱਜ ਸ਼ਾਮ ਨੂੰ ਰਾਜਧਾਨੀ ਵਾਪਸ ਪਰਤਣਗੇ ਜਿਸ ਤੋਂ ਬਾਅਦ ਫੈਸਲੇ 'ਤੇ ਹਸਤਾਖਰ ਕਰ ਅਧਿਕਾਰਤ ਐਲਾਨ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ, ਸਾਰਕ ਸਮਾਗਮ ਦੇ ਲਈ ਹਾਲੇ ਕਿਸੇ ਦੂਜੇ ਦੇਸ਼ ਦੀ ਚੋਣ ਨਹੀਂ ਕੀਤੀ ਗਈ ਹੈ। ਨੇਪਾਲ ਦੇ ਅਧਿਕਾਰਤ ਸੂਤਰਾਂ ਨੇ ਅਣਅਧਿਕਾਰਤ ਰੂਪ ਵਿੱਚ ਕਿਹਾ ਕਿ ਸਾਰਕ ਸਮਾਗਮ ਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ। ਸਾਰਕ ਸਮਾਗਮ ਦਾ ਪਹਿਲਾ ਏਜੰਡਾ ਸੀ ਕਿ ਅਸੀਂ ਸਾਰੇ ਮਿਲਕੇ ਅੱਤਵਾਦ ਖਿਲਾਫ਼ ਲੜਾਂਗੇ ਪਰ ਪਾਕਿਸਤਾਨ ਦੇ ਰੁਖ਼ ਨੂੰ ਵੇਖਦੇ ਹੋਏ, ਅਸੀਂ ਚਾਹੁੰਦੇ ਹਾਂ ਕਿ ਪਾਕਿ ਆਪਣੀ ਸਥਿਤੀ ਸਪਸ਼ਟ ਕਰੇ। ਦੱਸਣਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਹੋਣ ਵਾਲੇ ਨਵੰਬਰ ਵਿੱਚ ਸਾਰਕ ਸਮਾਗਮ ਦਾ ਵਿਰੋਧ ਕੀਤਾ ਸੀ। ਇਸਲਾਮਾਬਾਦ ਵਿੱਚ 9 ਤੇ 10 ਨਵੰਬਰ ਨੂੰ ਹੋਣ ਵਾਲੇ ਸਾਰਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਨਹੀਂ ਜਾਣਗੇ। ਭਾਰਤ ਦੇ ਵਿਰੋਧ ਤੋਂ ਬਾਅਦ ਅਫਗਾਨਿਸਤਾਨ, ਭੂਟਾਨ ਤੇ ਬੰਗਲਾਦੇਸ਼ ਨੇ ਵੀ ਸਾਰਕ ਸਮਾਗਮ ਦਾ ਬਾਈਕਾਟ ਕੀਤਾ ਸੀ।