ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ’ਚ ਵਾਹਗਾ ਬਾਰਡਰ ਤੇ ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਈਦ-ਉਲ-ਅਜ਼ਹਾ ਮੌਕੇ ਭਾਰਤ ਤੇ ਪਾਕਿਸਤਾਨ ਤੇ ਸੁਰੱਖਿਆ ਬਲਾਂ ਵਿਚਾਲੇ ਪਹਿਲੀ ਵਾਰ ਮਿਠਾਈਆਂ ਦਾ ਆਦਾਨ-ਪ੍ਰਦਾਨ ਹੋਇਆ। ਕੱਲ੍ਹ ਭਾਰਤੀ ਫ਼ੌਜ ਤੇ ਬੀਐਸਐਫ਼ ਦੇ ਜਵਾਨਾਂ ਤੇ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਈਦ ਮੌਕੇ ਇੱਕ-ਦੂਜੇ ਨੂੰ ਮਿਠਾਈਆਂ ਵੰਡੀਆਂ। ਦੱਸ ਦਈਏ ਕਿ 14 ਫ਼ਰਵਰੀ, 2019 ਤੋਂ ਬਾਅਦ ਪੰਜ ਵਾਰ ਈਦ ਦਾ ਤਿਉਹਾਰ ਮਨਾਇਆ ਜਾ ਚੁੱਕਾ ਹੈ ਪਰ ਤਦ ਬਾਰਡਰ ’ਤੇ ਸਦਾ ਹਾਲਾਤ ਤਣਾਅਪੂਰਨ ਬਣੇ ਰਹੇ ਸਨ।


ਕੱਲ੍ਹ ਬੁੱਧਵਾਰ ਨੂੰ ਈਦ ਮੌਕੇ ਜਦੋਂ ਦੋਵੇਂ ਦੇਸ਼ਾਂ ਦੇ ਸੁਰੱਖਿਆ ਬਲਾਂ ਦੇ ਜਵਾਨ ਇੱਕ-ਦੂਜੇ ਨਾਲ ਗਲਵਕੜੀਆਂ ਪਾਉਂਦੇ ਵੇਖੇ ਗਏ, ਤਾਂ ਦੋਵੇਂ ਪਾਸਿਆਂ ਦੀ ਆਮ ਜਨਤਾ ਨੇ ਵੀ ਰਾਹਤ ਦਾ ਸਾਹ ਲਿਆ ਹੈ। ਖ਼ਾਸ ਕਰ ਕੇ ਜਦੋਂ ਵੀ ਕਦੇ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਣ ਬਣਦੇ ਹਨ, ਤਾਂ ਦੋਵੇਂ ਪਾਸਿਆਂ ਦੇ ਸਰਹੱਦੀ ਇਲਾਕਿਆਂ ’ਚ ਰਹਿੰਦੇ ਨਿਵਾਸੀਆਂ ਦੇ ਸਾਹ ਸੁੱਕ ਜਾਂਦੇ ਹਨ ਕਿਉਂਕਿ ਅਜਿਹੇ ਹਾਲਾਤ ਦਾ ਸਿੱਧਾ ਅਸਰ ਉਨ੍ਹਾਂ ਦੀ ਖੇਤੀਬਾੜੀ ਤੇ ਹੋਰ ਕਾਰੋਬਾਰਾਂ ਉੱਤੇ ਪੈਂਦਾ ਹੈ। ਫਿਰ ਜਾਨ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ, ਪਤਾ ਨਹੀਂ ਕਿਹੜੇ ਪਾਸਿਓਂ ਕਦੋਂ ਗੋਲ਼ੀ ਚੱਲ ਜਾਵੇ।


ਜੰਮੂ ਸਥਿਤ ਰੱਖਿਆ ਵਿਭਾਗ ਦੇ ਤਰਜਮਾਨ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਪੁਣਛ-ਰਾਵਲਕੋਟ ਕ੍ਰਾਸਿੰਗ ਪੁਆਇੰਟ ਤੇ ਮੇਂਧਾਰ-ਤੱਤਾਪਾਣੀ ਕ੍ਰਾਸਿੰਗ ਪੁਆਇੰਟ ’ਤੇ ਦੋਵੇਂ ਦੇਸ਼ਾਂ ਦੇ ਸੁਰੱਖਿਆ ਬਲਾਂ ਵੱਲੋਂ ਮਿਠਾਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਅਜਿਹੀਆਂ ਹੀ ਖ਼ਬਰਾਂ ਉੜੀ ’ਚ ਕਾਮਨ ਅਮਨ ਸੇਤੂ ਤੇ ਤੰਗਧਾਰ, ਕੁਪਵਾੜਾ ’ਚ ਕਿਸ਼ਨਗੰਗਾ ਦਰਿਆ ਉੱਤੇ ਬਣੀ ਤਿਥਵਾਲ ਕ੍ਰਾਸਿੰਗ ਤੋਂ ਵੀ ਆਈਆਂ ਹਨ।


ਬੀਐਸਐਫ਼ ਤੇ ਪਾਕਿਸਤਾਨੀ ਰੇਂਜਰਜ਼ ਨੇ ਈਦ ਮੌਕੇ ਜੰਮੂ ਖੇਤਰ ਦੇ ਹੀਰਾਨਗਰ, ਸਾਂਬਾ, ਰਾਮਗੜ੍ਹ, ਆਰਐੱਸਪੁਰਾ, ਅਰਨੀਆ ਤੇ ਪਰਗਵਾਲ ਸੈਕਟਰਾਂ ਤੇ ਪੰਜਾਬ ਦੇ ਵਾਹਗਾ ਬਾਰਡਰ ਉੱਤੇ ਇੱਕ-ਦੂਜੇ ਨੂੰ ਮਿਠਾਈਆਂ ਵੰਡੀਆਂ। ਬੀਐੱਸਐੱਫ਼ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੌਮਾਂਤਰੀ ਸਰਹੱਦ ਉੱਤੇ ਗੋਲੀਬਾਰੀ ਵੀ ਨਹੀਂ ਹੋਈ; ਜਿਸ ਕਾਰਣ ਦੋਵੇਂ ਦੇਸ਼ਾਂ ਦੇ ਕਿਸਾਨ ਸ਼ਾਂਤੀਪੂਰਨ ਆਪਣਾ ਖੇਤੀਬਾੜੀ ਦਾ ਕੰਮ ਕਰ ਰਹੇ ਹਨ।


ਪੰਜਾਬ ਦੇ ਅਟਾਰੀ ਵਿਖੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਰਅਸਲ, ਪਿਛਲੇ ਕੁਝ ਸਮੇਂ ਤੋਂ ਕੋਵਿਡ-19 ਮਹਾਮਾਰੀ ਕਾਰਣ ਵੀ ਧਾਰਮਿਕ ਤਿਉਹਾਰਾਂ ਮੌਕੇ ਮਿਠਾਈਆਂ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਬੰਦ ਪਿਆ ਸੀ।


ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ ਛੱਕਿਆਂ ਨੇ ਉਡਾਏ ਹੋਸ਼! ਹੁਣ ਖੇਡ ਰਹੇ ਨਵਾਂ ਦਾਅ, ਸਫਲ ਰਹੇ ਤਾਂ ਕੈਪਟਨ ਨੂੰ ਮੰਨਣਾ ਹੀ ਪਊ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904