ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਾਟੋ-ਕਲੇਸ਼ ਹਾਲੇ ਖ਼ਤਮ ਨਹੀਂ ਹੋਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਮਰਥਕ ਨਵ-ਨਿਯੁਕਤ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੀ ਮੁਆਫੀ ਮੰਗਣ 'ਤੇ ਅੜੇ ਹੋਏ ਹਨ, ਪਰ ਸਿੱਧੂ ਦੇ ਛੱਕਿਆਂ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਹੁਣ ਸਿੱਧੂ ਨਵਾਂ ਦਾਅ ਖੇਡ ਰਹੇ ਹਨ ਜਿਸ ਨਾਲ ਕੈਪਟਨ ਨੂੰ ਨਰਮ ਹੋਣਾ ਹੀ ਪਵੇਗਾ।
ਦਰਅਸਲ, ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਨਵਜੋਤ ਸਿੱਧੂ ਸ਼ੁੱਕਰਵਾਰ ਨੂੰ ਤਾਜਪੋਸ਼ੀ ਕਰਨਗੇ। ਉਨ੍ਹਾਂ ਦੇ ਨਾਲ, ਚਾਰ ਕਾਰਜਕਾਰੀ ਪ੍ਰਧਾਨ ਵੀ ਕਾਰਜਭਾਰ ਸੰਭਾਲਣਗੇ। ਸਿੱਧੂ ਇਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਬੁਲਾਉਣਾ ਚਾਹੁੰਦੇ ਹਨ ਤੇ ਇਸ ਲਈ ਕੋਸ਼ਿਸ਼ ਕਰ ਰਹੇ ਹਨ।
ਪ੍ਰਿਯੰਕਾ ਨੂੰ ਬੁਲਾਉਣ ਤੋਂ ਬਾਅਦ ਸਿੱਧੂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੇ ਹਨ। ਜੇਕਰ ਪ੍ਰਿਯੰਕਾ ਆਉਂਦੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਦੂਰ ਰਹਿਣਾ ਮੁਸ਼ਕਲ ਹੋਵੇਗਾ ਤੇ ਉਹ ਦੁਚਿੱਤੀ ਵਿੱਚ ਪੈ ਜਾਣਗੇ। ਕੈਪਟਨ ਨੇ ਕਿਹਾ ਹੈ ਕਿ ਉਹ ਬਿਨਾਂ ਮੁਆਫੀ ਮੰਗੇ ਸਿੱਧੂ ਨੂੰ ਨਹੀਂ ਮਿਲਣਗੇ ਪਰ ਸਿੱਧੂ ਕੋਈ ਮਾਫੀ ਮੰਗਣ ਲਈ ਤਿਆਰ ਨਹੀਂ।
ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਸਮਾਗਮ ਵਿੱਚ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰਕੇ ਸਿੱਧੂ ਇਕ ਤੀਰ ਨਾਲ ਦੋ ਨਿਸ਼ਾਨੇ ਮਾਰ ਸਕਦੇ ਹਨ। ਪਹਿਲਾਂ, ਜੇਕਰ ਪ੍ਰਿਯੰਕਾ ਗਾਂਧੀ ਆਉਂਦੇ ਹਨ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਗਮ ਵਿੱਚ ਸ਼ਾਮਲ ਹੋਣਾ ਪਏਗਾ। ਦੂਜਾ, ਸਾਰੀ ਪਾਰਟੀ ਨੂੰ ਇਹ ਸੰਦੇਸ਼ ਮਿਲੇਗਾ ਕਿ ਹਾਈ ਕਮਾਨ ਸਿੱਧੂ ਨੂੰ ਨਜ਼ਰਅੰਦਾਜ਼ ਨਹੀਂ ਕਰਦੀ। ਅਜਿਹੀ ਸਥਿਤੀ ਵਿੱਚ, ਸਾਰਿਆਂ ਨੂੰ ਉਨ੍ਹਾਂ ਦੇ ਨਾਲ ਚੱਲਣਾ ਪਏਗਾ।
ਉਧਰ, ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੀ ਕਵਾਇਦ ਵੀ ਸ਼ੁਰੂ ਹੋ ਗਈ ਹੈ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਲਾਲ ਸਿੰਘ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੂੰ ਕੈਪਟਨ ਨੂੰ ਮੰਨਾਉਣ ਲਈ ਕਿਹਾ ਹੈ।
ਵੀਰਵਾਰ ਨੂੰ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਇੱਕ ਵਫਦ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਗਮ ਲਈ ਸੱਦਾ ਦੇਣਗੇ। ਉਨ੍ਹਾਂ ਦੇ ਨਾਲ ਆਏ ਨੇਤਾਵਾਂ ਦੇ ਨਾਵਾਂ ਦਾ ਫ਼ੈਸਲਾ ਹਾਲੇ ਨਹੀਂ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਸੱਦਾ ਕਾਂਗਰਸ ਪਾਰਟੀ ਵੱਲੋਂ ਕੈਪਟਨ ਨੂੰ ਦਿੱਤਾ ਜਾਵੇਗਾ ਨਾ ਕਿ ਨਿੱਜੀ ਤੌਰ ਤੇ ਤਾਂ ਕਿ ਕਿਸੇ ਦੀ ਹਉਮੈ ਨੂੰ ਠੇਸ ਨਾ ਪਹੁੰਚੇ।
ਕਾਂਗਰਸ ਪਾਰਟੀ ’ਚ ਸ਼ਕਤੀ ਦੀ ਖਿੱਚੋਤਾਣ ਦੇ ਚੱਲਦਿਆਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਪੀਕਰ ਰਾਣਾ ਕੇਪੀ ਸਿੰਘ ਵੀ ਮੌਜੂਦ ਸਨ। ਕੈਪਟਨ ਤੇ ਰਾਣਾ ਦੀ ਇਹ ਮੁਲਾਕਾਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਰਾਣਾ ਨੇ ਮੁੱਖ ਮੰਤਰੀ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ।