ਅੰਮ੍ਰਿਤਸਰ: ਨਵਜੋਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਕੈਪਟਨ ਤੇ ਸਿੱਧੂ ਦੇ ਸੁਰ ਇਕ ਨਹੀਂ ਹੋਏ। ਦੋਵਾਂ ਲੀਡਰਾਂ ਵਿਚਾਲੇ ਤਲਖੀ ਸਾਫ਼ ਨਜ਼ਰ ਆਉਂਦੀ ਹੈ। ਅਜਿਹੇ 'ਚ ਸਿੱਧੂ ਦੀ ਜੁਆਇਨਿੰਗ ਦੇ ਪ੍ਰੋਗਰਾਮ 'ਚ CM ਅਮਰਿੰਦਰ ਸਿੰਘ ਨੂੰ ਨਿਓਤਾ ਦਿੱਤਾ ਜਾਵੇਗਾ।


ਵਰਕਿੰਗ ਪ੍ਰੈਜ਼ੀਡੈਂਟ ਕੁਲਜੀਤ ਨਾਗਰਾ CM ਨੂੰ ਸੱਦਾ ਦੇਣ ਲਈ ਜਾਣਗੇ। ਅੰਮ੍ਰਿਤਸਰ 'ਚ ਵਿਧਾਇਕਾਂ ਨੇ ਅੱਜ ਸਿੱਧੂ ਦੇ ਨਾਲ ਮੱਥਾ ਟੈਕਣ ਮਗਰੋਂ ਇਹ ਤੈਅ ਕੀਤਾ ਹੈ ਕਿ ਕੈਪਟਨ ਨੂੰ ਨਾਗਰਾ ਨਿਓਤਾ ਦੇਣ ਲਈ ਜਾਣਗੇ। ਸ਼ੁੱਕਰਵਾਰ ਨੂੰ ਸਿੱਧੂ ਚੰਡੀਗੜ੍ਹ 'ਚ ਪਾਰਟੀ ਆਫ਼ਿਸ 'ਚ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਦਾ ਕਾਰਜਭਾਰ ਸਾਂਭਣਗੇ।


ਕੀ ਕੈਪਟਨ ਇਹ ਨਿਓਤਾ ਸਵੀਕਾਰ ਕਰਨਗੇ। ਕੀ ਉਹ ਸਿੱਧੂ ਦੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ? ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇਹ ਹਾਲਾਤ ਕਾਫੀ ਦਿਲਚਸਪ ਹਨ।


ਸਿੱਧੂ ਦੇ ਹੱਕ 'ਚ ਡਟੇ ਲੀਡਰ 


ਅੱਜ ਅੰਮ੍ਰਿਤਸਰ ਪਹੁੰਚੇ ਲੀਡਰਾਂ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਸਿੱਧੂ ਨੂੰ ਕੋਈ ਮਾਫੀ ਮੰਗਣ ਦੀ ਲੋੜ ਨਹੀਂ। ਵਿਧਾਇਕ ਮਦਨ ਲਾਲ ਜਲਾਲਪੁਰ, ਸੰਗਤ ਸਿੰਘ ਗਿਲਜ਼ੀਆਂ, ਪਰਗਟ ਸਿੰਘ ਤੇ ਜੋਗਿੰਦਰਪਾਲ ਨੇ ਕਿਹਾ ਕਿ ਸਿੱਧੂ ਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ।


ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਆਪਣਾ ਸਟੈਂਡ ਦੁਹਰਾਇਆ ਕਿ ਉਹ ਨਵਜੋਤ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਸੋਸ਼ਲ ਮੀਡੀਆ ’ਤੇ ਉਨ੍ਹਾਂ ਖਿਲਾਫ਼ ਕੀਤੇ ਅਪਮਾਨਜਨਕ ਹਮਲਿਆਂ ਲਈ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗ ਲੈਂਦੇ।



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ