ਨਵੀਂ ਦਿੱਲੀ: ਅਜਿਹੇ ਸਮੇਂ ਜਦ ਭਾਰਤੀ ਫ਼ੌਜ ਬਖ਼ਤਰਬੰਦ ਰੈਜੀਮੈਂਟਾਂ ਦਾ ਆਧੁਨੀਕੀਕਰਨ ਮੱਠੀ ਰਫ਼ਤਾਰ 'ਤੇ ਕਰ ਰਿਹਾ ਹੈ, ਪਾਕਿਸਤਾਨ ਆਪਣੀ ਫ਼ੌਜੀ ਸਮਰੱਥਾ ਵਿੱਚ ਜ਼ਬਰਦਸਤ ਵਾਧਾ ਕਰਨ ਦੇ ਰੌਂਅ ਵਿੱਚ ਹੈ। ਪਾਕਿਸਤਾਨ ਨੇ ਭਾਰਤ ਨਾਲ ਸਰਹੱਦ 'ਤੇ ਆਪਣੀ ਫ਼ੌਜੀ ਸਥਿਤੀ ਨੂੰ ਮਜ਼ਬੂਤ ਕਰਨ ਲਈ 600 ਜੰਗੀ ਟੈਂਕ ਖਰੀਦਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਵਿੱਚ ਰੂਸ ਦੇ ਟੀ-90 ਟੈਂਕ ਵੀ ਸ਼ਾਮਲ ਹਨ।
ਭਾਰਤੀ ਫ਼ੌਜ ਤੇ ਖ਼ੁਫੀਆ ਸਰੋਤਾਂ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪਾਕਿਸਤਾਨ ਇਨ੍ਹਾਂ ਟੈਂਕਾਂ ਨੂੰ ਜੰਮੂ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਨਾਲ ਤਾਇਨਾਤ ਕਰਨ ਦਾ ਇਛੁੱਕ ਹੈ। ਸੂਤਰਾਂ ਅਨੁਸਾਰ ਇਨ੍ਹਾਂ ਟੈਂਕਾਂ ਦੀ ਸਮਰੱਥਾ ਤਿੰਨ ਤੋਂ ਚਾਰ ਕਿਲੋਮੀਟਰ ਤਕ ਮਾਰ ਕਰਨ ਦੀ ਹੋਵੇਗੀ। ਇਨ੍ਹਾਂ ਵਿੱਚੋਂ ਕੁਝ ਜੰਮੂ-ਕਸ਼ਮੀਰ ਨਾਲ ਕੰਟਰੋਲ ਰੇਖਾ 'ਤੇ ਤਾਇਨਾਤ ਕੀਤੇ ਜਾਣਗੇ।
ਇਹ ਵੀ ਪੜ੍ਹੋ: ਭਾਰਤ ਨੇ ਜਿਸ ਰੱਖਿਆ ਪ੍ਰਣਾਲੀ ਲਈ ਸਹੇੜੀ ਅਮਰੀਕਾ ਦੀ ਨਾਰਾਜ਼ਗੀ, ਚੀਨ ਨੇ ਪਹਿਲਾਂ ਹੀ ਵਰਤੀ
ਜੰਗੀ ਟੈਂਕਾਂ ਤੋਂ ਇਲਾਵਾ ਪਾਕਿਸਤਾਨ ਆਪਣੀ ਫ਼ੌਜ ਲਈ ਇਟਲੀ ਤੋਂ ਐਸਪੀ ਮਾਈਕ-10 ਤੋਪਾਂ ਵੀ ਖ਼ਰੀਦ ਰਿਹਾ ਹੈ ਤੇ 120 ਤੋਪਾਂ ਪਹਿਲਾਂ ਹੀ ਖ਼ਰੀਦੀਆਂ ਜਾ ਚੁੱਕੀਆਂ ਹਨ। ਕੁੱਲ 245 ਤੋਪਾਂ ਖ਼ਰੀਦੀਆਂ ਜਾਣੀਆਂ ਹਨ। ਦੂਜੇ ਪਾਸੇ ਭਾਰਤੀ ਫੌਜ ਕੋਲ ਪਹਿਲਾਂ ਹੀ ਟੀ-90 ਟੈਂਕ ਹਨ, ਪਰ ਪਾਕਿਸਤਾਨ ਰੂਸ ਨਾਲ ਰੱਖਿਆ ਸੌਦਾ ਕਰਕੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ।
ਆਜ਼ਾਦੀ ਤੋਂ ਬਾਅਦ ਰੱਖਿਆ ਖੇਤਰ ਵਿੱਚ ਰੂਸ, ਭਾਰਤ ਦਾ ਅਹਿਮ ਤੇ ਵਿਸ਼ਵਾਸਯੋਗ ਭਾਈਵਾਲ ਸਾਬਿਤ ਹੋਇਆ ਹੈ। ਹਾਲ ਹੀ ਵਿੱਚ ਭਾਰਤ ਨੇ ਰੂਸ ਤੋਂ ਮਿਜ਼ਾਈਲ ਤਬਾਹ ਕਰਨ ਵਾਲੀ ਆਧੁਨਿਕ ਐਸ-400 ਤਕਨੀਕ ਵੀ ਹਾਸਲ ਕਰਨ ਲਈ ਇਕਰਾਰ ਵੀ ਕੀਤਾ ਹੈ।