ਨਵੀਂ ਦਿੱਲੀ: ਪਾਕਿਸਤਾਨ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਰਤ ਉਸ ਉੱਤੇ ਇੱਕ ਹੋਰ ‘ਸਰਜੀਕਲ ਸਟ੍ਰਾਈਕ’ ਕਰ ਸਕਦਾ ਹੈ। ਇਸ ਨੂੰ ਵੇਖਦਿਆਂ ਕੌਮਾਂਤਰੀ ਸਰਹੱਦ ਉੱਤੇ ਉਸ ਦੀ ਫ਼ੌਜ ਨੂੰ ‘ਹਾਈ ਅਲਰਟ’ ਕਰ ਦਿੱਤਾ ਗਿਆ ਹੈ।

‘ਦ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਉੱਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਧਿਆਨ ਲਾਂਭੇ ਕਰਨ ਤੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਰਤ ਸਰਕਾਰ ਸਰਹੱਦ ਉੱਤੇ ਕੋਈ ਵੱਡੀ ਕਾਰਵਾਈ ਜਾਂ ‘ਸਰਜੀਕਲ ਸਟ੍ਰਾਈਕ’ ਲਈ ਅੱਗੇ ਵਧ ਸਕਦੀ ਹੈ।

ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਪੁੱਠੀਆਂ ਪੈ ਗਈਆਂ ਹਨ। ਅਜਿਹੇ ਹਾਲਾਤ ਵਿੱਚ ਚਿੰਤਾ ਹੈ ਕਿ ਕੱਟੜ ਕਿਸਮ ਦੀ ਰਾਸ਼ਟਰਵਾਦੀ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਕਮਜ਼ੋਰ ਕਰਨ ਤੇ ਖ਼ਾਲਿਸਤਾਨ ਅੰਦੋਲਨ ਨੂੰ ਤਾਕਤ ਮਿਲਣ ਤੋਂ ਰੋਕਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।

ਦੱਸ ਦੇਈਏ ਕਿ ਪਿਛਲੇ ਸਾਲ 14 ਫ਼ਰਵਰੀ ਨੂੰ ਜੈਸ਼-ਏ-ਮੁਹੰਮਦ ਨੇ ਪੁਲਵਾਮਾ ’ਚ ਸੀਆਰਪੀਐਫ਼ ਦੇ ਇੱਕ ਕਾਫ਼ਲੇ ਉੱਤੇ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ’ਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਦਾ ਜਵਾਬ ਦੇਣ ਲਈ ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਬਾਲਾਕੋਟ ਸਥਿਤ ਜੈਸ਼ ਦੇ ਸਭ ਤੋਂ ਵੱਡੇ ਪ੍ਰੀਖਣ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ।

ਭਾਰਤ ਸਰਕਾਰ ਨੇ ਖੇਤੀ ਸੁਧਾਰ ਲਾਗੂ ਕਰਨ ਲਈ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਸਰਕਾਰੀ ਮੰਡੀਆਂ ਅਤੇ ਐਮਐਸਪੀ ਵਿਵਸਥਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ ਪਰ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਐਮਐਸਪੀ ਤੇ ਮੰਡੀਆਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ ਪਰ ਕਿਸਾਨ ਆਪਣਾ ਅੰਦੋਲਨ ਵਾਪਸ ਲੈਣ ਲਈ ਤਿਆਰ ਨਹੀਂ ਹਨ।