ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਲਈ ਪਾਕਿਸਤਾਨ ਨੇ ਕਾਉਂਸਲਰ ਐਕਸੈਸ ਦੀ ਪੇਸ਼ਕਸ਼ ਕੀਤੀ ਹੈ। ਜੁਲਾਈ ਵਿੱਚ ਹੇਗ ਸਥਿਤ ਆਈਸੀਜੇ ਨੇ ਪਾਕਿਸਤਾਨ ਨੂੰ ਭਾਰਤ ਨੂੰ ਬਿਨਾਂ ਕਿਸੇ ਦੇਰੀ ਦੇ ਜਾਧਵ ਤਕ ਕਾਉਂਸਲਰ ਦੇਣ ਦਾ ਆਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ੀ ਵਿਭਾਗ ਕਾਉਂਸਲਰ ਐਕਸੈਸ ਦੇਣ ਦੀ ਗੱਲ ਕਹੀ ਹੈ।




ਪਾਕਿਸਤਾਨ ਨੇ ਕਿਹਾ, 'ਸੋਮਵਾਰ (2 ਸਤੰਬਰ, 2019) ਨੂੰ ਕੁਲਭੂਸ਼ਣ ਜਾਧਵ ਲਈ ਕਾਉਂਸਲਰ ਐਕਸੈਸ ਦਿੱਤਾ ਜਾਵੇਗਾ। ਇਹ ਵਿਯਨਾ ਕਨਵੈਂਸ਼ਨ, ਆਈਸੀਜੇ ਦੇ ਫੈਸਲੇ ਤੇ ਪਾਕਿਸਤਾਨ ਦੇ ਕਾਨੂੰਨਾਂ ਅਨੁਸਾਰ ਦਿੱਤਾ ਜਾ ਰਿਹਾ ਹੈ।'


ਪਾਕਿਸਤਾਨ ਦੀ ਪੇਸ਼ਕਸ਼ 'ਤੇ ਭਾਰਤ ਨੇ ਕਿਹਾ ਹੈ ਕਿ ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ। ਸੂਤਰਾਂ ਮੁਤਾਬਕ ਭਾਰਤ ਨੇ ਕਿਹਾ, 'ਅਸੀਂ ਪ੍ਰਸਤਾਵ 'ਤੇ ਵਿਚਾਰ ਕਰ ਰਹੇ ਹਾਂ। ਕਾਉਂਸਲਰ ਐਕਸੈਸ ਬਾਰੇ ਸਾਡਾ ਸਟੈਂਡ ਸਪਸ਼ਟ ਹੈ ਕਿ ਇਹ ਬਿਨਾਂ ਕਿਸੇ ਰੁਕਾਵਟ ਦੇ ਹੋਣਾ ਚਾਹੀਦਾ ਹੈ।'


ਕੁਲਭੂਸ਼ਣ ਜਾਧਵ ਨੂੰ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਵਿੱਚ ਪਾਕਿਸਤਾਨ ਦੀ ਇੱਕ ਮਿਲਟਰੀ ਕੋਰਟ ਨੇ ਅਪਰੈਲ, 2017 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤ ਨੇ ਹੇਗ ਸਥਿਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਦਾ ਰੁਖ਼ ਕੀਤਾ ਤੇ ਸਜ਼ਾ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।


ਧਿਆਨ ਰਹੇ ਪਹਿਲੀ ਅਗਸਤ ਨੂੰ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਸੀ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜਾਧਵ ਨੂੰ ਅਗਲੇ ਦਿਨ ਦੂਤਾਵਾਸ ਦੀ ਮਦਦ ਦਿੱਤੀ ਜਾਵੇਗੀ। ਹਾਲਾਂਕਿ ਜਾਧਵ ਨੂੰ ਦੂਤਾਵਾਸ ਮਦਦ ਦੀਆਂ ਸ਼ਰਤਾਂ 'ਤੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਹੋਣ ਕਾਰਨ 2 ਅਗਸਤ ਨੂੰ ਦੁਪਹਿਰ 3 ਵਜੇ ਤੈਅ ਕੀਤੀ ਮੀਟਿੰਗ ਨਹੀਂ ਹੋ ਸਕੀ ਸੀ।