ਨਵੀਂ ਦਿੱਲੀ : ਪਾਕਿਸਤਾਨੀ ਹਾਈ ਕਮਿਸ਼ਨ ਤੋਂ ਚੱਲ ਰਹੇ ਜਾਸੂਸੀ ਰੈਕਟ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਫਹਿਤ ਨੂੰ ਯੂ ਪੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫਹਿਤ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਦਿੱਲੀ ਲੈ ਆਈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਗ੍ਰਿਫ਼ਤਾਰ ਕੀਤਾ ਗਿਆ ਫਹਿਤ ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਚੌਧਰੀ ਮੁਨੱਵਰ ਸਲੀਮ ਦਾ ਪੀ ਏ ਦੱਸਿਆ ਜਾ ਰਿਹਾ ਹੈ।
ਯਾਦ ਰਹੇ ਕਿ ਦਿੱਲੀ ਪੁਲਿਸ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਵੀਜ਼ਾ ਅਫ਼ਸਰ ਮਹਿਮੂਦ ਅਖ਼ਤਰ ਸਮੇਤ ਤਿੰਨ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਹਿਮੂਦ ਆਈ ਐਸ ਆਈ ਦਾ ਏਜੰਟ ਸੀ ਜਿਸ ਨੂੰ ਜਾਸੂਸੀ ਕਰਨ ਲਈ ਭਾਰਤ ਭੇਜਿਆ ਗਿਆ ਸੀ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਹਾਈ ਕਮਿਸ਼ਨ ਵਿੱਚ ਬੈਠਕੇ ਅਖ਼ਤਰ ਦੇਸ਼ ਦੇ ਸਮੁੰਦਰੀ ਇਲਾਕਿਆਂ ਦੀ ਜਾਣਕਾਰੀਆਂ ਇਕੱਠੀਆਂ ਕਰ ਰਿਹਾ ਸੀ।
ਇਹਨਾਂ ਦਾ ਮਕਸਦ ਸੀ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰ ਨਾਲ ਲੱਗਦੇ ਇਲਾਕਿਆਂ ਵਿੱਚ 26/11 ਵਰਗਾ ਹਮਲਾ ਕਰਵਾਉਣਾ ਸੀ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਸਾਰੇ ਜਾਸੂਸ ਵੱਟਸਅੱਪ ਰਾਹੀਂ ਆਪਸ ਵਿੱਚ ਕਾਲ ਕਰਦੇ ਸਨ। ਜਿਸ ਦਾ ਖ਼ੁਲਾਸਾ ਇਹਨਾਂ ਤੋਂ ਬਰਾਮਦ ਕੀਤੇ ਗਏ ਫੋਨਾਂ ਤੋਂ ਹੋਇਆ ਹੈ। ਦਿੱਲੀ ਪੁਲਿਸ ਅਨੁਸਾਰ ਅਖ਼ਤਰ ਹਰ ਮਹੀਨੇ ਦਿੱਲੀ ਦੀਆਂ ਜਨਤਕ ਥਾਵਾਂ ਉੱਤੇ ਇਹਨਾਂ ਜਾਸੂਸਾਂ ਨਾਲ ਮਿਲਦਾ ਸੀ। ਜਿੱਥੇ ਇਹ ਖ਼ੁਫ਼ੀਆ ਜਾਣਕਾਰੀ ਅਤੇ ਪੈਸੇ ਦਾ ਅਦਾਨ ਪ੍ਰਦਾਨ ਕਰਦੇ ਸਨ।