ਜੰਮੂ: ਜੰਮੂ-ਕਸ਼ਮੀਰ ਬਾਰੇ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਹਿੱਲਜੁਲ ਸ਼ੁਰੂ ਹੋ ਗਈ ਹੈ। ਅੱਜ ਫਿਰ ਪਾਕਿਸਤਾਨੀ ਰੇਂਜਰਸ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਜ਼ਬਰਦਸਤ ਫਾਇਰਿੰਗ ਕੀਤੀ ਹੈ। ਭਾਰਤੀ ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਸੁੰਦਰਬਾਨੀ ਸੈਕਟਰ ਵਿੱਚ 12:40 ਵਜੇ ਗੋਲ਼ੀਬਾਰੀ ਕੀਤੀ। ਭਾਰਤੀ ਸੈਨਿਕਾਂ ਨੇ ਵੀ ਇਸ ਦਾ ਠੋਕਵਾਂ ਜਵਾਬ ਦਿੱਤਾ।


ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਦੁਪਹਿਰ 2:30 ਵਜੇ ਤਕ ਗੋਲ਼ੀਬਾਰੀ ਜਾਰੀ ਰਹੀ। ਪਿਛਲੇ ਚਾਰ ਦਿਨਾਂ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। 3 ਅਗਸਤ ਨੂੰ ਪਾਕਿਸਤਾਨ ਨੇ ਪੁਣਛ ਦੇ ਮੇਂਢਰ ਸੈਕਟਰ ਵਿੱਚ ਫਾਇਰਿੰਗ ਕੀਤੀ ਸੀ। ਪਿਛਲੇ ਮਹੀਨੇ ਜੁਲਾਈ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਫੌਜ ਦੇ ਜਵਾਨ ਮਾਰੇ ਗਏ ਸਨ ਤੇ ਇੱਕ ਦਸ ਦਿਨਾਂ ਦੀ ਬੱਚੀ ਦੀ ਵੀ ਮੌਤ ਹੋ ਗਈ ਸੀ।


ਅੱਜ ਹੀ ਫੌਜ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਕੁਝ ਦਿਨਾਂ ਤੋਂ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਦੀ ਗਿਣਤੀ ਵਧਾਉਣ ਤੇ ਜੰਮੂ-ਕਸ਼ਮੀਰ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਲੈਫਟੀਨੈਂਟ ਜਨਰਲ ਰਣਬੀਰ ਸਿੰਘ, ਜਨਰਲ ਅਫਸਰ ਕਮਾਂਡਿੰਗ-ਇਨ-ਚੀਫ, ਉੱਤਰੀ ਕਮਾਂਡ ਨੇ ਕਿਹਾ ਕਿ ਪਾਕਿਸਤਾਨ ਵੀ ਸੰਘਰਸ਼ ਵਿਰਾਮ ਦੀ ਵੀ ਉਲੰਘਣਾ ਕਰ ਰਿਹਾ ਹੈ।


ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨੀ ਫੌਜ ਨੇ ਭਾਰਤ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫੌਜ ਇਸ ਦਾ ਜਵਾਬ ਦੇਵੇਗੀ ਤੇ ਪਾਕਿਸਤਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਉਨ੍ਹਾਂ ਸ੍ਰੀਨਗਰ ਵਿੱਚ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇ ਕੋਰ ਸਮੂਹ ਦੀ ਬੈਠਕ ਦੀ ਪ੍ਰਧਾਨਗੀ ਕੀਤੀ।