ਨਵੀਂ ਦਿੱਲੀ: ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਘੜਨ ਦੇ ਇਲਜ਼ਾਮ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪਾਕਿਸਤਾਨ ਦੇ ਰਾਜਦੂਤ ਆਮਿਰ ਜੁਬੈਰ ਸਦੀਕੀ ਉਰਫ਼ ‘ਬੌਸ’ ਨੂੰ ਵਾਂਟਿਡ ਸੂਚੀ ’ਚ ਸ਼ਾਮਲ ਕੀਤਾ ਹੈ। ਐਨਆਈਏ ਨੇ ਸਦੀਕੀ ਦੀ ਤਸਵੀਰ ਜਾਰੀ ਕਰਦਿਆਂ ਉਸ ਸਬੰਧੀ ਖ਼ਬਰ ਮਿਲਣ ’ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ।
ਪਾਕਿਸਤਾਨੀ ਖੂਫੀਆ ਏਜੰਸੀ ਦੇ ਅਧਿਕਾਰੀ ਸਦੀਕੀ ਖਿਲਾਫ ਐਨਆਈਏ ਨੇ ਪਿਛਲੇ ਸਾਲ 23 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ ਜਿਸ ਮੁਤਾਬਕ ਉਸ ’ਤੇ ਭਾਰਤ ਵਿੱਚ ਅਮਰੀਕੀ ਵਪਾਰਕ ਅੰਬੈਸੀ, ਬੰਗਲੁਰੂ ਸਥਿਤ ਇਲੈਕਟ੍ਰਾਨਿਕ ਸਿਟੀ, ਇਜ਼ਰਾਇਲੀ ਵਪਾਰਕ ਅੰਬੈਸੀ ਤੇ ਦੱਖਣ ਭਾਰਤ ਦੀਆਂ ਵੱਖ-ਵੱਖ ਜਨਤਕ ਥਾਵਾਂ ’ਤੇ ਹਮਲੇ ਦੀ ਸਾਜ਼ਿਸ਼ ਘੜਨ ਦੇ ਦੋਸ਼ ਹਨ।
ਇਹ ਮਾਮਲਾ ਸ੍ਰੀਲੰਕਾ ਮੂਲ ਦੇ ਮੁਹੰਮਦ ਸਾਕਿਰ ਹੁਸੈਨ ਦੀ ਗ੍ਰਿਫ਼ਤਾਰੀ ਹੋਣ ਬਾਅਦ ਸਾਹਮਣੇ ਆਇਆ ਹੈ। ਤਮਿਲਨਾਡੂ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ ਨੇ ਉਸ ’ਤੇ 28 ਅਪ੍ਰੈਲ, 2014 ਨੂੰ ਕੇਸ ਦਰਜ ਕੀਤਾ ਸੀ। ਉਸ ’ਤੇ ਸਦੀਕੀ ਦੇ ਕਹਿਣ ’ਤੇ ਭਾਰਤ ਵਿੱਚ ਹਮਲੇ ਕਰਨ ਦੇ ਦੋਸ਼ ਲੱਗੇ ਸਨ। ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ’ਤੇ ਇਹ ਮਾਮਲਾ ਐਨਆਈਏ ਨੇ ਆਪਣੇ ਅਧਿਕਾਰ ’ਚ ਲੈ ਲਿਆ ਸੀ।