Panipat Cough Syrup Raid : ਖੰਘ ਦੀ ਦਵਾਈ ਕਾਰਨ ਵਿਦੇਸ਼ਾਂ 'ਚ ਬੱਚਿਆਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਹੈ। WHO ਦੇ ਇਤਰਾਜ਼ ਤੋਂ ਬਾਅਦ ਡਰੱਗ ਇੰਸਪੈਕਟਰਾਂ ਦੀ ਟੀਮ ਨੇ ਸੋਨੀਪਤ ਦੇ ਕੁੰਡਲੀ 'ਚ ਇੱਕ ਕੰਪਨੀ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖੰਘ ਦੀ ਦਵਾਈ ਐਕਸਪੋਰਟ ਕਰਨ ਵਾਲੀ ਕੰਪਨੀਆਂ 'ਚੋਂ ਇੱਕ ਮੈਡੀਨ ਫਾਰਮਾਸਿਊਟੀਕਲਸ ਸੋਨੀਪਤ ਦੇ ਕੁੰਡਲੀ 'ਚ ਸਥਿਤ ਹੈ। ਇੱਕ ਹਫ਼ਤੇ ਵਿੱਚ ਇਹ ਤੀਜੀ ਵਾਰ ਛਾਪੇਮਾਰੀ ਕੀਤੀ ਗਈ ਹੈ। ਦਵਾਈ ਨਿਰਮਾਤਾ ਕੰਪਨੀ ਨਾਲ ਸਬੰਧਤ ਦਵਾਈਆਂ ਦੇ ਪੰਜ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਓਥੇ ਹੀ ਜਾਂਚ ਰਿਪੋਰਟ ਆਉਣ ਤੱਕ ਕੰਪਨੀ ਵਿੱਚ ਉਤਪਾਦਨ, ਵਿਕਰੀ ਅਤੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੱਚੇ ਮਾਲ ਦੀ ਖਰੀਦ, ਨਿਰਮਾਣ ਅਤੇ ਦਵਾਈਆਂ ਦੇ ਨਿਰਯਾਤ ਵਿੱਚ ਲੱਗੇ ਕੈਮਿਸਟਾਂ ਦੀ ਯੋਗਤਾ ਬਾਰੇ ਸਬੰਧਤ ਕੰਪਨੀ ਤੋਂ ਰਿਪੋਰਟ ਮੰਗੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਦਾ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਡਰੱਗ ਕੰਟਰੋਲਰ ਮਨਮੋਹਨ ਤਨੇਜਾ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਟੀਮ ਦੀ ਅਗਵਾਈ ਡੀਐੱਲਓ ਰਾਕੇਸ਼ ਦਹੀਆ ਕਰ ਰਹੇ ਹਨ।
ਓਥੇ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕੇਂਦਰ ਅਤੇ ਹਰਿਆਣਾ ਦੇ ਸਿਹਤ ਵਿਭਾਗ ਦੀਆਂ ਟੀਮਾਂ ਸੈਂਪਲ ਲੈ ਰਹੀਆਂ ਹਨ, ਹੁਣ ਕਾਰਵਾਈ ਕਰਨ ਤੋਂ ਪਹਿਲਾਂ ਸੈਂਪਲਾਂ ਨੂੰ ਸੈਂਟਰਲ ਲੈਬ, ਕੋਲਕਾਤਾ ਨੂੰ ਭੇਜਿਆ ਗਿਆ ਹੈ, ਜੇਕਰ ਕੋਈ ਕਮੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।