ਚੰਡੀਗੜ੍ਹ: ਕਈ ਲੋਕਾਂ ਨੂੰ ਦੂਜਿਆਂ ਦਾ ਭਲਾ ਕਰਕੇ ਬੇਹੱਦ ਸਕੂਨ ਮਿਲਦਾ ਹੈ ਤੇ ਅਜਿਹੇ ਲੋਕ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। 41 ਸਾਲਾ ਪਰਗਟ ਸਿੰਘ ਅਜਿਹਾ ਭਲਾ ਮਨੁੱਖ ਹੈ ਜੋ ਲੋਕਾਂ ਨੂੰ ਡੁੱਬਣ ਤੋਂ ਇੱਕ ਮਿਸ਼ਨ ਵਾਂਗ ਬਚਾ ਕੇ ਸੁਰੱਖਿਅਤ ਬਾਹਰ ਕੱਢਦਾ ਸੀ, ਪਰ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਜਾਣ ਕਰਕੇ ਉਹ ਖ਼ੁਦ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਹੈ। ਇਸ ਦੁੱਖ ਦੀ ਘੜੀ ਵਿੱਚ ਕੋਈ ਉਸਦੀ ਸਾਰ ਲੈਣ ਨੂੰ ਕੋਈ ਤਿਆਰ ਨਹੀਂ।

ਨਿਸ਼ਕਾਮ ਸੇਵਾ ਕਰ ਬਚਾਈ 1650 ਲੋਕਾਂ ਦੀ ਜਾਨ, ਡੇਅਰੀ ਚਲਾ ਕੇ ਕੀਤਾ ਗੁਜ਼ਾਰਾ 

ਪਿਛਲੇ 13 ਸਾਲਾਂ ਤੋਂ ਪਰਗਟ ਸਿੰਘ ਨੇ ਕਿੰਨੇ ਹੀ ਲੋਕਾਂ ਨੂੰ ਮਰਨ ਤੋਂ ਬਚਾਇਆ, ਡੂੰਘੇ ਪਾਣੀ ਵਿੱਚੋਂ ਕਈ ਲਾਸ਼ਾਂ ਕੱਢੀਆਂ ਅਤੇ ਲੋਕਾਂ ਨੂੰ ਬਚਾਉਣ ਲਈ ਕਈ ਭਿਆਨਕ ਜਾਨਵਰਾਂ ਨਾਲ ਮੁਕਾਬਲੇ ਕੀਤੇ। ਇੱਕ ਅੰਦਾਜ਼ੇ ਮੁਤਾਬਕ ਉਸ ਨੇ ਪੰਜਾਬ ਤੇ ਹਰਿਆਣਾ ਵਿੱਚ ਤਕਰੀਬਨ 1650 ਲੋਕਾਂ ਨੂੰ ਡੁੱਬਣ ਤੋਂ ਬਚਾਇਆ ਅਤੇ ਕਰੀਬ 11,802 ਲਾਸ਼ਾਂ ਬਰਾਮਦ ਕੀਤੀਆਂ। ਇੰਨੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲੇ ਇਸ ਸ਼ਖ਼ਸ ਨੇ ਇਸ ਕੰਮ ਲਈ ਕਦੇ ਇੱਕ ਰੁਪਿਆ ਤਕ ਕਬੂਲ ਨਹੀਂ ਕੀਤਾ। ਆਪਣਾ ਗੁਜ਼ਾਰਾ ਚਲਾਉਣ ਲਈ ਉਹ ਡੇਅਰੀ ਚਲਾਉਂਦਾ ਹੈ। ਦੱਸਿਆ ਜਾਂਦਾ ਹੈ ਕਿ ਪਰਗਟ ਸਿੰਘ ਦਾ ਅਸਲੀ ਨਾਂ ਰਿਸ਼ਪਾਲ ਸਿੰਘ ਹੈ।



ਸੜਕ ਹਾਦਸੇ ਦਾ ਸ਼ਿਕਾਰ ਹੋਏ ਇਸ ਜਾਂਬਾਜ਼ ਗੋਤਾਖੋਰ ਦੀ ਨਹੀਂ ਫੜ ਰਿਹਾ ਕੋਈ ਬਾਂਹ

ਮਾੜੇ ਦਿਨ ਕਿਸੇ ਨੂੰ ਦੱਸ ਕਿ ਨਹੀਂ ਆਉਂਦੇ। ਸਭ ਦਾ ਭਲਾ ਕਰਨ ਵਾਲੇ ਨੇਕ ਇਨਸਾਨ ਪਰਗਟ ਸਿੰਘ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਦਰਅਸਲ, ਬੀਤੀ 23 ਅਕਤੂਬਰ ਨੂੰ ਉਹ ਇਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਸਮੇਂ ਉਸ ਦੀ ਪਤਨੀ ਵੀ ਨਾਲ ਹੀ ਸੀ। ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਸਨ। ਹੁਣ ਪਰਗਟ ਸਿੰਘ ਨੂੰ ਆਪਣਾ ਤੇ ਪਤਨੀ ਦਾ ਇਲਾਜ ਕਰਵਾਉਣ ਲਈ ਪੈਸਿਆਂ ਦੀ ਸਖ਼ਤ ਲੋੜ ਹੈ, ਪਰ ਕੋਈ ਵੀ ਨਾ ਸਰਕਾਰ ਅਤੇ ਨਾ ਹੀ ਕੋਈ ਹੋਰ ਉਸ ਦੀ ਮਦਦ ਕਰਨ ਲਈ ਅੱਗੇ ਨਹੀਂ ਆ ਰਿਹਾ।

ਲੋਕਾਂ ਦੇ ਰਵੱਈਏ ਤੋਂ ਦੁਖੀ ਹੈ ਪਰਗਟ ਸਿੰਘ

ਜ਼ੇਰੇ ਇਲਾਜ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਨਹਿਰ ਜਾਂ ਟੋਭੇ ਵਿਚੋਂ ਕੋਈ ਲਾਸ਼ ਬਾਹਰ ਕੱਢਣੀ ਹੁੰਦੀ, ਜਾਂ ਕਿਸੇ ਡੁੱਬਦੇ ਨੂੰ ਬਚਾਉਣਾ ਹੁੰਦਾ ਸੀ ਤਾਂ ਹਮੇਸ਼ਾ ਉਸ ਨੂੰ ਹੀ ਬੁਲਾਇਆ ਜਾਂਦਾ ਸੀ। ਉਹ ਬਿਨਾ ਪੈਸੇ ਲਏ ਲੋੜਵੰਦਾਂ ਦੀ ਮਦਦ ਕਰਦਾ ਸੀ। ਪਰ ਹੁਣ ਜਦੋਂ ਉਸ ਨੂੰ ਖ਼ੁਦ ਮਦਦ ਦੀ ਲੋੜ ਹੈ ਤਾਂ ਕੋਈ ਉਸ ਦੀ ਸਾਰ ਲੈਣ ਲਈ ਤਿਆਰ ਨਹੀਂ। ਇਸ ਗੱਲ ਨੇ ਉਸ ਨੂੰ ਡੂੰਘੀ ਸੱਟ ਮਾਰੀ ਹੈ। ਪਿਛਲੇ ਦੋ ਹਫ਼ਤਿਆਂ ਤੋਂ ਪਰਗਟ ਸਿੰਘ ਅਤੇ ਉਸ ਦੀ ਪਤਨੀ ਦਾ ਇਲਾਜ ਉਸ ਦੇ ਜੱਦੀ ਸ਼ਹਿਰ ਕੁਰੂਕਸ਼ੇਤਰ ਦੇ ਅਪਨਾ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

ਕਈ ਵਾਰ ਕੀਤਾ ਸਨਮਾਨ, ਪਰ ਹੁਣ ਪ੍ਰਸ਼ਾਸਨ ਨੇ ਵੀ ਨਹੀਂ ਲਈ ਸਾਰ

ਪਰਗਟ ਸਿੰਘ ਨੇ 8 ਮਗਰਮੱਛਾਂ ਨੂੰ ਜ਼ਿੰਦਾ ਫੜਿਆ ਹੈ। ਉਹ ਪਿਛਲੇ 13 ਸਾਲਾਂ ਤੋਂ ਇਹ ਸੇਵਾ ਕਰ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਸਮੇਤ ਵੱਖ-ਵੱਖ ਸੰਗਠਨਾਂ ਨੇ ਉਸ ਨੂੰ 275 ਤੋਂ ਵੱਧ ਵਾਰ ਸਨਮਾਨਿਤ ਕੀਤਾ ਹੈ, ਪਰ ਹੁਣ ਲੋੜ ਪੈਣ ’ਤੇ ਇਹ ਮਾਨ-ਸਨਮਾਨ ਉਸ ਦੇ ਕਿਸੇ ਕੰਮ ਨਹੀਂ ਆ ਰਿਹਾ। ਇਸ ਸਮੇਂ ਉਸ ਨੂੰ ਆਰਥਕ ਮਦਦ ਦੀ ਸਖ਼ਤ ਲੋੜ ਹੈ। ਕੁਰੂਕਸ਼ੇਤਰ ਦੇ ਗੋਤਾਖੋਰ ਪਰਗਟ ਤੇ ਉਸ ਦੀ ਪਤਨੀ ਦਾ ਹਾਲ-ਚਾਲ ਜਾਣਨ ਲਈ ਪ੍ਰਸ਼ਾਸਨ ਤੋਂ ਕੋਈ ਵੀ ਅਫ਼ਸਰ ਨਹੀਂ ਬਹੁੜਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਹਾਲੇ ਤਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।