ਜਲੰਧਰ: ਮਕਸੂਦਾਂ ਥਾਣਾ ਬੰਬ ਧਮਾਕਾ ਮਾਮਲੇ 'ਚ ਕਸ਼ਮੀਰੀ ਵਿਦਿਆਰਥੀਆਂ ਦਾ ਨਾਂਅ ਆਉਣ ਤੋਂ ਬਾਅਦ ਉਨ੍ਹਾਂ ਦੇ ਹੋਰਨਾਂ ਸਾਥੀਆਂ ਦੇ ਮਨਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ। ਇੱਥੇ ਆ ਕੇ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਨੇ ਆਪਣੇ ਘਰਾਂ ਨੂੰ ਵਾਪਸ ਜਾਣ ਲੱਗੇ ਹਨ। ਤਿਉਹਾਰਾਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਆਪੋ-ਆਪਣੇ ਵਿਦਿਅਕ ਅਦਾਰਿਆਂ ਵਿੱਚ ਨਹੀਂ ਪੁੱਜੇ ਅਤੇ ਕਈਆਂ ਨੇ ਆਪਣੇ ਪੀਜੀ ਵਿੱਚੋਂ ਸਮਾਨ ਵੀ ਚੁੱਕ ਲਿਆ ਹੈ।
ਦਰਅਸਲ, ਜਲੰਧਰ ਵਿੱਚ ਪੰਜਾਬ ਪੁਲਿਸ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ ਪੰਜ ਵਿਦਿਆਰਥੀਆਂ ਨੂੰ ਚੁੱਕ ਕੇ ਲੈ ਗਈ ਹੈ ਅਤੇ ਹੁਣ ਤਾਜ਼ਾ ਘਟਨਾ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿੱਚ ਦਹਿਸ਼ਤ ਹੈ ਕਿ ਪਤਾ ਨਹੀਂ ਕਦੋਂ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਲੈ ਜਾਵੇ। ਕਸ਼ਮੀਰੀ ਵਿਦਿਆਰਥੀ ਦੇ ਟਿਕਾਣਿਆਂ 'ਤੇ ਪੁਲਿਸ ਅਧਿਕਾਰੀ ਜਾ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਹਨ ਜਿਸ ਕਰ ਕੇ ਵਿਦਿਆਰਥੀ ਪ੍ਰੇਸ਼ਾਨ ਦੱਸੇ ਜਾਂਦੇ ਹਨ।
ਮਕਸੂਦਾਂ ਇਲਾਕੇ ਦੇ ਅੱਠ ਪੀਜੀ ਹਨ, ਜਿਨ੍ਹਾਂ ਵਿੱਚ ਕਸ਼ਮੀਰੀ ਵਿਦਿਆਰਥੀ ਰਹਿ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਉਹ ਬਾਹਰ ਬਹੁਤ ਘੱਟ ਨਿਕਲਦੇ ਹਨ ਕਿਉਂਕਿ ਲੋਕ ਉਨ੍ਹਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ। ਸੀਟੀ ਗਰੁੱਪ ਦੇ ਪ੍ਰਬੰਧਕੀ ਨਿਰਦੇਸ਼ਕ ਮਨਵੀਰ ਸਿੰਘ ਚੰਨੀ ਮੁਤਾਬਕ ਕਾਲਜਾਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਹਾਜ਼ਰੀ 50 ਫ਼ੀਸਦੀ ਰਹਿ ਗਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਅਸਲ ਤਸਵੀਰ ਦੀਵਾਲੀ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਚੱਲੇਗੀ।
ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੋ ਹਾਲਾਤ ਬਣਦੇ ਜਾ ਰਹੇ ਹਨ ਇਸ ਨਾਲ ਵਿਦਿਆਕ ਅਦਾਰਿਆਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ ਤੇ ਅਗਲੇ ਸਾਲ ਤੋਂ ਕਸ਼ਮੀਰੀ ਵਿਦਿਆਰਥੀਆਂ ਦੇ ਦਾਖ਼ਲੇ ਘੱਟ ਜਾਣਗੇ। ਇੱਕ ਹੋਰ ਕਾਲਜ ਪ੍ਰਬੰਧਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਕਾਲਜ ਦੇ ਸਿਰਫ ਕਸ਼ਮੀਰੀ ਵਿਦਿਆਰਥੀਆਂ ਦੇ ਰਿਕਾਰਡ ਹੀ ਤਲਬ ਕਰ ਰਹੀ ਹੈ।