ਅਹਿਮਦਾਬਾਦ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਗੁਜਰਾਤ ਵਿੱਚ ਵੱਡਾ ਥੰਮ੍ਹ ਮਿਲ ਗਿਆ ਹੈ। ਗੁਜਰਾਤ ਵਿੱਚ ਪਟੇਲ ਅੰਦੋਲਨ ਦਾ ਮੁੱਖ ਚਿਹਰਾ ਰਹੇ ਹਾਰਦਿਕ ਪਟੇਲ ਰਸਮੀ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਹਾਰਦਿਕ ਪਟੇਲ ਨੇ 17 ਅਗਸਤ ਨੂੰ ਸੂਰਤ ਤੇ 25 ਅਗਸਤ ਨੂੰ ਅਹਿਮਦਾਬਾਦ ਵਿੱਚ 20 ਲੱਖ ਲੋਕਾਂ ਦਾ ਇਕੱਠ ਕਰਕੇ ਬੀਜੇਪੀ ਦੀ ਨੀਂਦ ਉਡਾ ਦਿੱਤੀ ਸੀ।
ਹਾਰਦਿਕ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਮੈਂਬਰਸ਼ਿਪ ਲਈ। ਹਾਰਦਿਕ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ 12 ਮਾਰਚ ਨੂੰ ਕਾਂਗਰਸ ਵਿੱਚ ਸ਼ਾਮਲ ਹੋਣਗੇ। ਹਾਲਾਂਕਿ ਪਟੇਲ ਨੇ ਇਹ ਸਾਫ ਨਹੀਂ ਕੀਤਾ ਕਿ ਉਹ ਲੋਕ ਸਭਾ ਚੋਣਾਂ ਲੜਨਗੇ ਜਾਂ ਨਹੀਂ।
ਦੱਸ ਦੇਈਏ ਕਿ ਹਾਰਦਿਕ ਪਟੇਲ ਗੁਜਰਾਤ ਦੇ ਨੌਜਵਾਨ ਲੀਡਰ ਤੇ ਪਾਟੀਦਾਰ ਅੰਦੋਲਨ ਦਾ ਵੱਡਾ ਚਿਹਰਾ ਹੈ। ਉਹ ਆਰਥਕ ਤੇ ਸਿਆਸੀ ਤੌਰ ’ਤੇ ਮਜ਼ਬੂਤ ਕੜਵਾ ਪਟੇਲ ਤਬਕੇ ਨਾਲ ਸਬੰਧਤ ਹਨ। ਅਹਿਮਦਾਬਾਦ ਦੇ ਵੀਰਮਗਾਮ ਤਾਲੁਕਾ ਵਿੱਚ ਚੰਦਨ ਨਗਰੀ ਵਿੱਚ 20 ਜੁਲਾਈ, 1993 ਨੂੰ ਹਾਰਦਿਕ ਪਟੇਲ ਦਾ ਜਨਮ ਹੋਇਆ ਸੀ। ਉਹ ਅਕਸਰ ਵਿਵਾਦਾਂ ਵਿੱਚ ਰਹੇ ਹਨ ਤੇ ਕਈ ਵਾਰ ਜੇਲ੍ਹ ਜਾ ਚੁੱਕੇ ਹਨ।
ਹਾਰਦਿਕ ਸਿੱਖਿਆ ਤੇ ਸਰਕਾਰੀ ਨੌਕਰੀਆਂ ਵਿੱਚ OBC ਵਿੱਚ ਪਾਟੀਦਾਰ ਜਾਤੀ ਨੂੰ ਸ਼ਾਮਲ ਕਰਨ ਲਈ ਕੀਤੇ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਏ ਸੀ। 2011 ਵਿੱਚ ਹਾਰਦਿਕ ਪਟੇਲ ਉੱਤਰ ਗੁਜਰਾਤ ਵਿੱਚ ਚੱਲ ਰਹੇ ਸਰਦਾਰ ਪਟੇਲ ਗਰੁੱਪ (SPG) ਵਿੱਚ ਸ਼ਾਮਲ ਹੋਏ। 6 ਜੁਲਾਈ 2015 ਨੂੰ ਮੇਹਸਾਣਾ ਵਿੱਚ ਆਪਣੇ ਤਬਕੇ ਨਾਲ ਵੱਡੀ ਰੈਲੀ ਕੀਤੀ। 17 ਅਗਸਤ ਨੂੰ ਸੂਰਤ ਤੇ 25 ਅਗਸਤ ਨੂੰ ਅਹਿਮਦਾਬਾਦ ਵਿੱਚ ਉਨ੍ਹਾਂ ਪਿੱਛੇ 20 ਲੱਖ ਲੋਕਾਂ ਦਾ ਇਕੱਠ ਜੁੜਿਆ ਸੀ।
ਪਟੇਲ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਗੁਜਰਾਤ ਦੀ ਆਬਾਦੀ ਦਾ 15 ਫੀਸਦੀ ਹਿੱਸਾ ਪਟੇਲਾਂ ਦੀ ਆਬਾਦੀ ਦਾ ਹੈ। 182 ਸੀਟਾਂ ਵਿੱਚੋਂ 80 ਸੀਟਾਂ ਅਜਿਹੀਆਂ ਮੰਨੀਆਂ ਜਾਂਦੀਆਂ ਹਨ ਜਿੱਥੋਂ ਦੇ ਪਾਟੀਦਾਰ ਵੋਟ ਕਿਸੇ ਉਮੀਦਵਾਰ ਦੀ ਕਿਸਮਤ ਬਦਲ ਸਕਦੇ ਹਨ।