ਚੰਡੀਗੜ੍ਹ: ਹਰਿਆਣਾ ‘ਚ ਬਜ਼ੁਰਗ ਦੀ ਜਾਨ ਉਸ ਸਮੇਂ ਵਾਲ-ਵਾਲ ਬਚੀ ਜਦੋਂ ਹਸਪਤਾਲ ‘ਚ ਟਕਨੀਸ਼ੀਅਨ ਉਸ ਨੂੰ ਐਮਆਰਆਈ ਮਸ਼ੀਨ ‘ਚ ਛੱਡ ਕੇ ਭੁੱਲ ਗਿਆ। ਇਸ ਦੇ ਚੱਲਦਿਆਂ ਬਜ਼ੁਰਗ ਨੂੰ ਆਪਣੀ ਜਾਨ ਬਚਾਉਣ ਲਈ ਬੈਲਟ ਤੋੜਨੀ ਪਈ।


ਬਜ਼ੁਰਗ ਨੇ ਪੰਚਕੁਲਾ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਐਮਆਰਆਈ ਸਕੈਨ ਕਰਵਾਉਣ ਲਈ ਗਿਆ ਸੀ। ਉਸ ਨੂੰ ਤਕਨੀਸ਼ੀਅਨ ਨੇ ਕਿਹਾ ਕਿ ਇਸ ਪ੍ਰਕ੍ਰਿਆ ‘ਚ 10-15 ਮਿੰਟ ਲੱਗ ਸਕਦੇ ਹਨ। ਉਹ ਬਜ਼ੁਰਗ ਨੂੰ ਮਸ਼ੀਨ ਵਿੱਚੋਂ 30 ਮਿੰਟ ਬਾਅਦ ਵੀ ਬਾਹਰ ਕੱਢਣਾ ਭੁੱਲ ਗਿਆ। ਜਦਕਿ ਸ਼ਿਕਾਇਤਕਰਤਾ ਦੇ ਇਨ੍ਹਾਂ ਇਲਜ਼ਾਮਾਂ ਤੋਂ ਹਸਪਤਾਲ ਆਪਣਾ ਪੱਲਾ ਝਾੜ ਰਿਹਾ ਹੈ।

ਸ਼ਿਕਾਇਤਕਰਤਾ ਨੇ ਕਿਹਾ, “ਮੈਂ ਸਾਹ ਲੈਣ ਲਈ ਹਫ ਰਿਹਾ ਸੀ, ਪਰ ਮੈਨੂੰ ਬਾਹਰ ਕੱਢਣ ਵਾਲਾ ਕੋਈ ਨਹੀਂ ਸੀ। ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਹੋਣ ਤੋਂ ਬਾਅਦ ਮੈਂ ਆਪ ਕਿਸੇ ਤਰ੍ਹਾਂ ਮਸ਼ੀਨ ਦੀ ਬੇਲਟ ਤੋੜ ਬਾਹਰ ਨਿਕਲਿਆ।” ਉਧਰ ਹਸਪਤਾਲ ਕਰਮੀਆਂ ਦਾ ਕਹਿਣਾ ਹੈ ਕਿ ਤਕਨੀਸ਼ੀਅਨ ਨੇ ਹੀ ਮਰੀਜ਼ ਨੂੰ ਮਸ਼ੀਨ ਵਿੱਚੋਂ ਕੱਢਿਆ ਹੈ।

ਇਸ ਮਾਮਲੇ ‘ਤੇ ਪੰਚਕੁਲਾ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਇਸ ਦੀ ਜਾਣਕਾਰੀ ਮਿਲੀ ਤੇ ਸਿਹਤ ਡਾਇਰੈਕਟਰ ਤੋਂ ਇਸ ਦੀ ਰਿਪੋਰਟ ਮੰਗੀ ਹੈ।