ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 90 ਸੀਟਾਂ 'ਤੇ ਸੈਂਕੜੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਪਰ ਪਿਛਲੇ ਕੁਝ ਦਿਨਾਂ ਤੋਂ ਆਦਮਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਉਂਝ ਤਾਂ ਸੋਨਾਲੀ ਸੂਬਾ ਮਹਿਲਾ ਮੋਰਚੇ ਦੀ ਉਪ ਪ੍ਰਧਾਨ ਹੈ, ਪਰ ਸੋਸ਼ਲ ਮੀਡੀਆ 'ਤੇ ਉਸ ਦੀ ਚਰਚਾ ਉਸ ਦੀਆਂ ਟਿਕਟੌਕ ਵੀਡੀਓ ਵਾਇਰਲ ਹੋਣ ਕਰਕੇ ਹੈ।


ਸੋਸ਼ਲ ਮੀਡੀਆ ਐਪ ਟਿਕਟੌਕ 'ਤੇ ਸੋਨਾਲੀ ਫੋਗਾਟ ਦਾ ਕ੍ਰੇਜ਼ ਇਸ ਤਰ੍ਹਾਂ ਵਧ ਗਿਆ ਹੈ ਕਿ ਵੇਖਦਿਆਂ ਹੀ ਵੇਖਦਿਆਂ ਉਨ੍ਹਾਂ ਦੇ ਫੌਲੋਅਰਜ਼ ਦੀ ਗਿਣਤੀ ਡੇਢ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਗੂਗਲ ਟਰੈਂਡ ਨੂੰ ਵੇਖਦਿਆਂ ਪਤਾ ਲੱਗਦਾ ਹੈ ਕਿ 2 ਅਕਤੂਬਰ ਤੋਂ ਪਹਿਲਾਂ ਸੋਨਾਲੀ ਫੋਗਾਟ ਨੂੰ ਬਹੁਤ ਘੱਟ ਲੋਕ ਸਰਚ ਕਰਦੇ ਸੀ, ਪਰ ਜਦੋਂ ਤੋਂ ਬੀਜੇਪੀ ਨੇ ਸੋਨਾਲੀ ਫੋਗਾਟ ਨੂੰ ਟਿਕਟ ਦਿੱਤੀ ਹੈ, ਉਦੋਂ ਤੋਂ ਲੋਕ ਉਨ੍ਹਾਂ ਨੂੰ ਗੂਗਲ 'ਤੇ ਖੂਬ ਸਰਚ ਕਰ ਰਹੇ ਹਨ।


ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਤੋਂ ਵੀ ਅੱਗੇ ਨਿਕਲ ਗਈ। ਦਰਅਸਲ ਸੋਨਾਲੀ ਨੂੰ ਗੂਗਲ 'ਤੇ ਖੂਬ ਸਰਚ ਕੀਤਾ ਜਾ ਰਿਹਾ ਹੈ। ਸਰਚ ਵਿੱਚ ਉਸ ਦੀ ਉਮਰ ਤੇ ਪਰਿਵਾਰਕ ਪਛੋਕੜ ਬਾਰੇ ਜਾਣਕਾਰੀ ਸ਼ਾਮਲ ਹੈ।


ਦੱਸ ਦੇਈਏ ਆਦਮਪੁਰ ਸੀਟ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਦਾ ਗੜ੍ਹ ਰਹੀ ਹੈ। ਅਜਿਹੀ ਸਥਿਤੀ ਵਿੱਚ ਆਦਮਪੁਰ ਦੇ ਲੋਕ ਸੋਨਾਲੀ ਦਾ ਕਿੰਨਾ ਸਮਰਥਨ ਕਰਨਗੇ, ਇਹ ਤਾਂ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਬੀਜੇਪੀ ਨੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਆਦਮਪੁਰ ਸੀਟ ‘ਤੇ ਚੋਣ ਲੜਾਈ ਨੂੰ ਗਲੈਮਰਸ ਜ਼ਰੂਰ ਬਣਾ ਦਿੱਤਾ ਹੈ।