ਹੁਣ ਆਮ ਲੋਕ ਵੀ ਦੇਖ ਸਕਣਗੇ ਸਰਕਾਰੀ ਫਾਈਲਾਂ
ਏਬੀਪੀ ਸਾਂਝਾ | 16 Dec 2018 03:37 PM (IST)
ਚੰਡੀਗੜ੍ਹ: ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਵਿੱਚ ਪਾਰਦਰਸ਼ਤਾ ਲਿਆਉਣ ਲਈ ਮਹਾਰਾਸ਼ਟਰ ਸਰਕਾਰ ਨੇ ਹਰ ਸੋਮਵਾਰ ਨੂੰ ਦੁਪਹਿਰ ਤਿੰਨ ਤੋਂ ਪੰਜ ਵਜੇ ਤਕ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ 'ਤੇ ਸਥਾਨਕ ਸੰਸਥਾਵਾਂ ਵਿੱਚ ਰਿਕਾਰਡਾਂ ਦੀ ਜਾਂਚ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜੇ ਕਿਸੇ ਸੋਮਵਾਰ ਨੂੰ ਕੋਈ ਸਰਕਾਰੀ ਛੁੱਟੀ ਆ ਜਾਏ ਤਾਂ ਉਸ ਦੇ ਅਗਲੇ ਦਿਨ ਜਾਂਚ ਦੀ ਆਗਿਆ ਦਿੱਤੀ ਜਾਏਗੀ। ਪੁਣੇ ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਮਹੇਸ਼ ਝਗੜੇ ਨੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਤੇ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਦਾਖ਼ਲ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਘੱਟ ਕਰਨ ਲਈ 2009 ਵਿੱਚ ਇਹ ਪ੍ਰਯੋਗ ਕੀਤਾ ਸੀ। ਹਰ ਸੋਮਵਾਰ ਨੂੰ ਨਗਰ ਨਿਗਮ ਦੇ ਸਾਰੇ ਦਫ਼ਤਰਾਂ ਵਿੱਚ ਦੁਪਹਿਰ ਦੋ ਘੰਟੇ ਦਾ ਸਮਾਂ ਸੂਚਨਾ ਦੇ ਅਧਿਕਾਰ ਲਈ ਰਾਖਵਾਂ ਰੱਖਿਆ ਸੀ। ਇਸ ਸਮੇਂ ਅਰਜ਼ੀ ਨਾ ਦਿੰਦਿਆਂ ਮੁਫ਼ਤ ਵਿੱਚ ਫਾਈਲਾਂ ਤੇ ਖ਼ਾਸ ਦਸਤਾਵੇਜ਼ ਵੇਖਣ ਅਤੇ ਲੋੜ ਪੈਣ ’ਤੇ ਦਸਤਾਵੇਜ਼ ਦੀ ਫੋਟੋ ਕਾਪੀ ਵੀ ਨਾਲ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਪੁਣੇ ਨਗਰ ਨਿਗਮ ਵਿੱਚ ਇਹ ਪੈਟਰਨ ਸਫ਼ਲ ਹੋਣ ਬਾਅਦ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਜ਼ਿਲ੍ਹਾ ਪਰਿਸ਼ਦ ਤੇ ਨਗਰ ਨਿਗਮਾਂ ਵਿੱਚ ਇਹ ਵਿਵਸਥਾ ਲਾਗੂ ਕੀਤੀ ਗਈ ਹੈ। ਮਹਾਰਾਸ਼ਟਰ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਸ਼ਾਸਨ ਤੋਂ ਹੁਕਮ ਜਾਰੀ ਕਰਕੇ ਆਮ ਨਾਗਰਿਕਾਂ ਲਈ ਫਾਈਲਾਂ ਤੇ ਰਿਕਾਰਡ ਦੇ ਨਿਰੀਖਣ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।