ਚੇਨੰਈ: ਸਥਾਨਕ ਪਸ਼ੂ ਪ੍ਰੇਮੀ ਗਰੁੱਪ ਨੇ ਚੇਨੰਈ ਕਾਰਪੋਰੇਸ਼ਨ 'ਤੇ 25 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਇਲਜ਼ਾਮ ਲਾਇਆ ਹੈ। ਗਰੁੱਪ ਮੁਤਾਬਕ ਨਿਗਮ ਨੇ ਕੁੱਤੇ ਨੰਗਮਬੱਕਮ ਇਲਾਕੇ ਵਿੱਚੋਂ ਫੜੇ ਅਤੇ ਮਾਰ ਕੇ ਕੋਊਮ ਨਦੀ ਵਿੱਚ ਸੁੱਟ ਦਿੱਤੇ।

ਕੁੱਤਿਆਂ ਦੀਆਂ ਲਾਸ਼ਾਂ ਨੂੰ ਨਦੀ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਹੁਣ ਇਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਸਕਦਾ ਹੈ। ਅਲਮਾਇਟੀ ਐਨੀਮਲ ਕੇਅਰ ਟਰੱਸਟ ਦੇ ਸਾਈ ਵਿਗਨੇਸ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਦਾ ਚੁੱਕੇ ਜਾਣ 'ਤੇ ਪੁਲਿਸ ਨੇ ਚੇਨੰਈ ਕਾਰਪੋਰੇਸ਼ਨ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਚੇਨੰਈ ਵਿੱਚ ਤਕਰੀਬਨ 1.85 ਲੱਖ ਆਵਾਰਾ ਕੁੱਤੇ ਹਨ ਅਤੇ ਸਿਰਫ਼ 3,000 ਲਾਇਸੰਸਸ਼ੁਦਾ ਪਾਲਤੂ ਕੁੱਤੇ ਹਨ। ਚੇਨੰਈ ਕਾਰਪੋਰੇਸ਼ਨ ਵੱਲੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਵਿਸ਼ੇਸ਼ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ ਅਤੇ ਸਾਲਾਨਾ 20,000 ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਪਰ ਕੁੱਤਿਆਂ ਦਾ ਇਸ ਤਰ੍ਹਾਂ ਮਰਨਾ ਅਤੇ ਅਜਿਹੇ ਸੰਗੀਨ ਇਲਜ਼ਾਮ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਚੁੱਕਦੇ ਹਨ।