ਲਾਹੌਰ: ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜੇਲ੍ਹ ਵਿੱਚ ਹੱਤਿਆ ਦੇ ਦੋ ਮੁੱਖ ਮੁਲਜ਼ਮਾਂ ਨੂੰ ਲਾਹੌਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹੁਣ ਪੰਜ ਸਾਲਾਂ ਬਾਅਦ ਲਾਹੌਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹੰਮਦ ਮੋਇਨ ਖੋਖਰ ਨੇ ਦੋਵੇਂ ਮੁਲਜ਼ਮਾਂ ਆਮਿਰ ਸਰਫ਼ਰਾਜ਼ ਤੇ ਮੁਦੱਸਰ ਮੁਨੀਰ ਨੂੰ ਬਰੀ ਕਰ ਦਿੱਤਾ ਹੈ।


ਦਰਅਸਲ, ਦੋਵਾਂ ਵਿਰੁੱਧ ਗਵਾਹੀ ਦੇਣ ਵਾਲੇ ਲੋਕਾਂ ਨੇ ਆਪਣੇ ਬਿਆਨ ਬਦਲ ਲਏ ਤੇ ਦੋਵਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਕਿਸੇ ਵੀ ਵਿਅਕਤੀ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਨਹੀਂ ਕੀਤੀ, ਜਿਸ ਕਾਰਨ ਅਦਾਲਤ ਨੇ ਦੋਵਾਂ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਹਨ।

ਮੂਲ ਰੂਪ ਵਿੱਚ ਤਰਨ ਤਾਰਨ ਦੇ ਰਹਿਣ ਵਾਲੇ 49 ਸਾਲਾ ਸਰਬਜੀਤ ਸਿੰਘ ਨੂੰ ਸਾਲ 2013 ਵਿੱਚ ਕੋਟ ਲਖਪਤ ਜੇਲ੍ਹ ਵਿੱਚ ਦੋ ਸਾਥੀ ਕੈਦੀਆਂ ਨੇ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਸੀ। ਸਰਬਜੀਤ ਨੂੰ ਬੰਬ ਧਮਾਕੇ ਤੇ ਜਾਸੂਸੀ ਦੇ ਇਲਜ਼ਾਮਾਂ ਤਹਿਤ ਸਨ 1990 ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਸੀ।



ਸਰਬਜੀਤ ਦੀ ਵਤਨ ਵਾਪਸੀ ਲਈ ਭਾਰਤ ਵੱਲੋਂ ਵੀ ਕਾਫੀ ਦਬਾਅ ਸੀ। ਉਸ ਦੀ ਭੈਣ ਦਲਬੀਰ ਕੌਰ ਨੇ ਸਰਬਜੀਤ ਨੂੰ ਭਾਰਤ ਜ਼ਿੰਦਾ ਲਿਆਉਣ ਲਈ ਕਾਫੀ ਜੱਦੋ-ਜਹਿਦ ਕੀਤੀ ਸੀ, ਪਰ ਉਸ ਦੀ ਲਾਸ਼ ਹੀ ਭਾਰਤ ਆ ਸਕੀ ਸੀ। ਸਰਬਜੀਤ ਦੀ ਮੌਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਤਲਖ਼ ਹੋ ਗਏ ਸਨ ਤੇ ਜੰਮੂ ਦੀ ਜੇਲ੍ਹ ਵਿੱਚ ਪਾਕਿਸਤਾਨੀ ਕੈਦੀ ਸਨਾਉੱਲਾਹ ਦੀ ਹੱਤਿਆ ਵੀ ਹੋ ਗਈ ਸੀ।