ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਗਿਣਤੀ ਇੱਕਦਮ ਵਧਣ ਲੱਗੀ ਹੈ। ਕੇਂਦਰ ਸਰਕਾਰ ਦੇ ਸਖਤ ਰਵੱਈਏ ਮਗਰੋਂ ਸਿੰਘੂ ਬਾਰਡਰ ’ਤੇ ਹੁਣ ਕਈ ਗੁਣਾ ਵੱਧ ਕਿਸਾਨ ਪੁੱਜ ਰਹੇ ਹਨ। ਹਾਲਾਤ ਇਹ ਬਣ ਰਹੇ ਹਨ ਕਿ ਪੈਰ ਧਰਨ ਲਈ ਜ਼ਮੀਨ ਨਹੀਂ ਮਿਲ ਰਹੀ। ਹੁਣ ਕਿਸਾਨ ਹੀ ਨਹੀਂ ਹਰ ਵਰਗ ਦੇ ਲੋਕ ਦਿੱਲੀ ਦੀਆਂ ਹੱਦਾਂ ਉੱਪਰ ਆਉਣ ਲੱਗੇ ਹਨ।


ਇਸ ਲਈ ਕਿਸਾਨਾਂ ਦਾ ਜੋਸ਼ ਪਹਿਲਾਂ ਦੇ ਮੁਕਾਬਲੇ ਹੁਣ ਕਿਤੇ ਜ਼ਿਆਦਾ ਵਿਖਾਈ ਦੇ ਰਿਹਾ ਹੈ। ਕਲਾਕਾਰਾਂ, ਮਜ਼ਦੂਰਾਂ, ਸਾਬਕਾ ਫੌਜੀਆਂ ਮਗਰੋਂ ਹੁਣ ਪੰਜਾਬ ਦੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੇ ਈਟੀਟੀ ਟੀਚਰ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਵੀ ਟਿਕਰੀ ਬਾਰਡਰ ਉੱਤੇ ਪੁੱਜ ਕੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ।

ਅੱਜ 50,000 ਹੋਰ ਕਿਸਾਨਾਂ ਨੇ ਬੋਲਿਆ ਦਿੱਲੀ 'ਤੇ ਧਾਵਾ, 11 ਹਜ਼ਾਰ ਟਰੈਕਟਰ-ਟਰਾਲੀਆਂ ਰਵਾਨਾ

ਦਿੱਲੀ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਰਚੇ ਦੀ ਅਗਵਾਈ ਕਰ ਰਹੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਜੰਗ ਲੰਬੀ ਚੱਲੇਗੀ, ਇਸੇ ਲਈ ਕਿਸਾਨਾਂ ਨੇ 6 ਮਹੀਨਿਆਂ ਦੇ ਮੋਰਚੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨਵੇਂ ਖੇਤੀ ਕਾਨੂੰਨ ਰੱਦ ਕਰੇ, ਕਿਸਾਨ ਉਸੇ ਦਿਨ ਪਰਤ ਜਾਣਗੇ।

ਈਟੀਟੀ ਟੀਚਰ ਯੂਨੀਅਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਕਿਸਾਨਾਂ ਨਾਲ ਮਿਲ ਕੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ। ਬੱਸਾਂ ਰਾਹੀਂ ਪੰਜਾਬ ਤੋਂ ਦਿੱਲੀ ਪੁੱਜੇ ਆੜ੍ਹਤੀਆਂ ਨੇ ਵੀ ਕਿਸਾਨਾਂ ਨਾਲ ਇੱਕਜੁਟਤਾ ਦਾ ਇਜ਼ਹਾਰ ਕੀਤਾ ਹੈ। ਮੁਕਤਸਰ ਜ਼ਿਲ੍ਹੇ ਦੀ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਕੁਮਾਰ ਬਬਲੂ ਬਾਂਸਲ ਨੇ ਨੇ ਕਿਹਾ ਕਿ ਉਹ ਵੀ ਹਰ ਸੰਘਰਸ਼ ਲਈ ਤਿਆਰ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904