ਨਵੀਂ ਦਿੱਲੀ: ਸੰਕਟ 'ਚ ਘਿਰੀ ਆਰਥਿਕਤਾ ਨੂੰ ਉਭਾਰਨ ਲਈ ਟੈਕਸ ਭਰਨ ਵਾਲਿਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਇਹ ਸੰਕੇਤ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਰਥਚਾਰੇ ਨੂੰ ਸੁਰਜੀਤ ਕਰਨ ਦੇ ਇਰਾਦੇ ਨਾਲ ਨਿੱਜੀ ਆਮਦਨ ਕਰ ਦਰਾਂ ’ਚ ਕਟੌਤੀ ਸਮੇਤ ਹੋਰ ਉਪਾਆਂ ’ਤੇ ਵਿਚਾਰ ਕਰ ਰਹੀ ਹੈ। ਜੇਕਰ ਸਰਕਾਰ ਆਮਦਨ ਕਰ ਘਟਾਉਂਦੀ ਹੈ ਤਾਂ ਸਭ ਤੋਂ ਵੱਧ ਫਾਇਦਾ ਨੌਕਰੀਪੇਸ਼ਾ ਤੇ ਟੈਕਸ ਭਰਨ ਵਾਲੇ ਲੋਕਾਂ ਨੂੰ ਹੋਏਗਾ।


ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਗਸਤ ਤੇ ਸਤੰਬਰ ਵਿੱਚ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਮਾਲਕੀ ਵਾਲੇ ਬੈਂਕਾਂ ਨੂੰ ਚੌਕਸੀ ਨੇਮਾਂ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਲਗਪਗ 5 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਬੈਂਕਾਂ ਨੂੰ ਪੂੰਜੀ ਦੇਣ ਦਾ ਮੁੱਖ ਕਾਰਨ ਦੇਸ਼ ਵਿੱਚ ਖਪਤ ਨੂੰ ਵਧਾਉਣਾ ਹੈ। ਲੋਕਾਂ ਦੇ ਹੱਥ ਵਿੱਚ ਵਧੇਰੇ ਪੂੰਜੀ ਦੇਣ ਲਈ ਆਮਦਨ ਕਰ ਦਰਾਂ ’ਚ ਕਟੌਤੀ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਸੀਤਾਰਾਮਨ ਨੇ ਕਿਹਾ, ‘ਹਾਂ, ਇਸ ਸਮੇਤ ਕਈ ਉਪਾਅ ਸਾਡੇ ਵਿਚਾਰਧੀਨ ਹਨ।’

ਦੱਸ ਦਈਏ ਕਿ ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਵਿਕਾਸ ਦਰ 4.5 ਫੀਸਦ ਨਾਲ ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਪਹਿਲੀ ਤਿਮਾਹੀ ਵਿੱਚ ਜੀਡੀਪੀ 5 ਫੀਸਦ ਰਹੀ ਸੀ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਦਾ ਕੋਈ ਜ਼ਿਆਦਾ ਲਾਭ ਨਹੀਂ ਹੋਇਆ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਸੰਕਟ ਵਿੱਚੋਂ ਨਿਕਲਣ ਲਈ ਕਾਫੀ ਸਮਾਂ ਲੱਗੇਗਾ।