ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੂੰ ਛੱਡ ਭਾਰਤੀ ਜਨਤਾ ਪਾਰਟੀ ਲੜ ਲੱਗਣ ਵਾਲੇ ਦਿੱਲੀ ਦੇ ਵਿਧਾਇਕ ਨੂੰ ਸੁਪਰੀਮ ਕੋਰਟ ਤੋਂ ਖਾਲੀ ਹੱਥ ਮੁੜਨਾ ਪਿਆ ਹੈ। 'ਆਪ' ਨੇ ਵਿਧਾਇਕ ਦੇਵੇਂਦਰ ਸੇਹਰਾਵਤ ਦੀ ਮੈਂਬਰੀ ਨੂੰ ਦਲ ਬਦਲੂ ਕਾਨੂੰਨ ਤਹਿਤ ਖਾਰਜ ਕਰਨ ਦੀ ਮੰਗ ਕੀਤੀ ਸੀ। ਦੇਵੇਂਦਰ ਨੇ ਇਸ ਨੋਟਿਸ ਨੂੰ ਅਦਾਲਤ ਵਿੱਚ ਚੁਣੌਤੀ ਦੇਣੀ ਚਾਹੀ ਸੀ।


ਜਸਟਿਸ ਸੰਜੀਵ ਖੰਨਾ ਤੇ ਜਸਟਿਸ ਬੀਆਰ ਗਵਈ ਦੀ ਸ਼ਮੂਲੀਅਤ ਵਾਲੇ ਛੁੱਟੀਆਂ ਵਾਲੇ ਬੈਂਚ ਨੇ ਸੇਹਰਾਵਤ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸ਼ਿਕਾਇਤ ਵਿਧਾਨ ਸਭਾ ਸਪੀਕਰ ਨੂੰ ਦੱਸੇ ਨਾ ਕਿ ਅਦਾਲਤ ਨੂੰ। ਦੇਸ਼ ਦੀ ਸਰਬਉੱਚ ਅਦਾਲਤ ਨੇ ਵਿਧਾਇਕ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੇ ਵਕੀਲ ਨੇ ਅਰਜ਼ੀ ਵਾਪਸ ਲੈ ਲਈ।

ਜ਼ਿਕਰਯੋਗ ਹੈ ਕਿ ਦੇਵੇਂਦਰ ਸੇਹਰਾਵਤ ਨੇ ਦਾਅਵਾ ਕੀਤਾ ਹੈ ਉਸ ਨੇ ਹਾਲੇ ਤਕ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਨਹੀਂ ਹਾਸਲ ਕੀਤੀ। ਇਸ ਲਈ ਉਨ੍ਹਾਂ ਦੀ ਵਿਧਾਇਕੀ ਰੱਦ ਕਰਵਾਉਣ ਸਬੰਧੀ ਜਾਰੀ ਹੋਇਆ ਨੋਟਿਸ ਗ਼ੈਰਕਾਨੂੰਨੀ ਹੈ। ਪਰ ਹੁਣ ਅਦਾਲਤ ਨੇ ਵਿਧਾਇਕ ਨੂੰ ਇਹ ਮਾਮਲਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਕੋਲ ਚੁੱਕਣ ਦੀ ਸਲਾਹ ਦਿੱਤੀ ਹੈ।