ਨਵੀਂ ਦਿੱਲੀ: ਦਿੱਲੀ ਵਿੱਚ ਹੋਈ ਹਿੰਸਾ ਤੇ ਦੰਗਿਆਂ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਦਿੱਲੀ ਹਾਈਕੋਰਟ ਵਿੱਚ ਕਈ ਪਟੀਸ਼ਨਾਂ ਤੇ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ। ਪਟੀਸ਼ਨਾਂ ਤੇ ਅਰਜ਼ੀਆਂ ਵਿੱਚ ਮੰਗ ਕੀਤੀ ਗਈ ਹੈ ਕਿ ਭੜਕਾਉ ਭਾਸ਼ਣ ਦੇਣ ਵਾਲੇ ਨੇਤਾਵਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਪਟੀਸ਼ਨਾਂ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੋਂ ਲੈ ਕੇ ਅਸਦੂਦੀਨ ਓਵੈਸੀ ਦੇ ਨਾਮ ਸ਼ਾਮਲ ਹਨ।

ਹਾਈਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਮਨੀਸ਼ ਸਿਸੋਦੀਆ ਤੇ ਅਮਨਤੁੱਲਾ ਖ਼ਾਨ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਲਈ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਐਸਆਈਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦਾ ਨਾਂ ਵੀ ਹਾਈਕੋਰਟ ਵਿੱਚ ਦਾਇਰ ਇੱਕ ਪਟੀਸ਼ਨ 'ਚ ਸਾਹਮਣੇ ਆਇਆ ਹੈ। ਪਟੀਸ਼ਨ ਮੁਤਾਬਕ ਉਸ ਨੇ ਆਪਣੇ ਭਾਸ਼ਣਾਂ ਨਾਲ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਇਸ ਕਾਰਨ ਦਿੱਲੀ ਵਿੱਚ ਅਜਿਹੀ ਸਥਿਤੀ ਪੈਦਾ ਹੋਈ ਸੀ। ਇਸ ਲਈ ਇਨ੍ਹਾਂ ਲੋਕਾਂ ਖਿਲਾਫ ਅਪਰਾਧਿਕ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਹਾਈ ਕੋਰਟ ਨੇ ਭੜਕਾਉ ਭਾਸ਼ਣ ਦੇਣ ਵਾਲਿਆਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਦਿੱਤੇ ਸੀ ਆਦੇਸ਼
ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਦਿੱਲੀ ਹਾਈਕੋਰਟ ਨੇ ਇੱਕ ਅਰਜ਼ੀ ਦੀ ਸੁਣਵਾਈ ਕਰਦਿਆਂ, ਦਿੱਲੀ ਪੁਲਿਸ ਨੂੰ ਭਾਜਪਾ ਨੇਤਾ ਅਨੁਰਾਗ ਠਾਕੁਰ, ਸੰਸਦ ਮੈਂਬਰ ਪ੍ਰਵੇਸ਼ ਵਰਮਾ, ਭਾਜਪਾ ਨੇਤਾ ਕਪਿਲ ਮਿਸ਼ਰਾ ਤੇ ਲਕਸ਼ਮੀ ਨਗਰ ਦੇ ਵਿਧਾਇਕ ਅਭੈ ਵਰਮਾ ਸਮੇਤ ਸਾਰਿਆਂ ਖ਼ਿਲਾਫ਼ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।


ਇਹ ਵੀ ਪੜ੍ਹੋ: ਦਿੱਲੀ ਦੰਗਿਆਂ 'ਤੇ ਵਿਦੇਸ਼ੀ ਮੀਡੀਆ ਨੇ ਚੁੱਕੇ ਸਵਾਲ, ਦੁਨੀਆ ਭਰ ਦੇ ਮੀਡੀਆ 'ਚ ਛਾਇਆ ਮੁੱਦਾ