ਅੰਮ੍ਰਿਤਸਰ: ਇੱਥੋਂ ਦੇ ਰਾਮ ਤਲਾਈ 'ਚ ਸਥਿਤ ਪੈਟਰੋਲ ਪੰਪ 'ਤੇ ਬੋਤਲ 'ਚ ਤੇਲ ਪਾਉਣ ਨੂੰ ਲੈ ਕੇ ਆਪਸੀ ਤਕਰਾਰ ਹੋ ਗਿਆ। ਦਰਅਸਲ ਕੁਝ ਨੌਜਵਾਨ ਪੈਟਰੋਲ ਪੰਪ 'ਤੇ ਤੇਲ ਲੈਣ ਪਹੁੰਚੇ ਤਾਂ ਪੈਟਰੋਲ ਪੰਪ 'ਤੇ ਕੰਮ ਕਰਦੇ ਸੰਦੀਪ ਨਾਂ ਦੇ ਕਰਮਚਾਰੀ ਨੇ ਬੋਤਲ 'ਚ ਤੇਲ ਪਾਉਣ ਤੋਂ ਮਨ੍ਹਾ ਕਰ ਦਿੱਤਾ। ਇਸ 'ਤੇ ਪੈਟਰੋਲ ਲੈਣ ਪਹੁੰਚੇ ਨੌਜਵਾਨ ਭੜਕ ਗਏ ਤੇ ਉਨ੍ਹਾਂ ਫੋਨ ਕਰਕੇ ਆਪਣੇ ਸਾਥੀਆਂ ਨੂੰ ਸੱਦ ਕੇ ਸੰਦੀਪ ਨਾਲ ਕੁੱਟ-ਮਾਰ ਕੀਤੀ।


ਜਦੋਂ ਪੈਟਰੋਲ ਪੰਪ ਦੇ ਮਾਲਕ ਨੀਰਜ ਨੂੰ ਇਸ ਘਟਨਾ ਦਾ ਪਤਾ ਲੱਗਾ ਤੇ ਉਹ ਆਪਣੇ ਕਰਮਚਾਰੀ ਦੇ ਬਚਾਅ ਲਈ ਅੱਗੇ ਆਇਆ ਤਾਂ ਅਣਪਛਾਤੇ ਨੌਜਵਾਨਾਂ ਵੱਲੋਂ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ। ਉਸ ਦੀ ਲਾਇਸੰਸੀ ਰਿਵਾਲਵਰ ਵੀ ਖੋਹਣ ਦੀ ਕੋਸ਼ਿਸ਼ ਕੀਤੀ।


ਨੀਰਜ ਨੇ ਦੱਸਿਆ ਕਿ ਉਸ ਨੇ ਬਚਾਅ ਲਈ ਹਵਾਈ ਫਾਇਰ ਕੀਤੇ ਜਿਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਓਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰਾ ਵਿਵਾਦ ਬੋਤਲ 'ਚ ਪੈਟਰੋਲ ਪਵਾਉਣ ਤੋਂ ਹੋਇਆ ਹੈ। ਸੀਸੀਟੀਵੀ ਦੇ ਆਧਾਰ 'ਤੇ ਜੋ ਵੀ ਦੋਸ਼ੀ ਹੋਇਆ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।