ਨਵੀਂ ਦਿੱਲੀ: ਮਹਿੰਗਾਈ ਦੇ ਦੌਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਰਿਕਾਰਡ ਤੋੜ ਵਾਧਾ ਦਰਜ ਕੀਤਾ ਗਿਆ। ਅੱਜ ਨਵੀਆਂ ਕੀਮਤਾਂ ਨਾਲ ਦਿੱਲੀ 'ਚ ਪੈਟਰੋਲ 33 ਪੈਸੇ ਮਹਿੰਗਾ ਹੋਣ ਨਾਲ 76.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 26 ਪੈਸੇ ਵਾਧੇ ਦੇ ਨਾਲ 67.57 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ 'ਚ ਤੇਲ ਦੀਆਂ ਕੀਮਤਾਂ 'ਚ ਇੰਨਾ ਵਾਧਾ ਪਹਿਲਾਂ ਕਦੇ ਦਰਜ ਨਹੀਂ ਕੀਤਾ ਗਿਆ।


 

ਇਸ ਤੋਂ ਪਹਿਲਾਂ ਦਿੱਲੀ ਚ 14 ਸਤੰਬਰ, 2014 ਨੂੰ ਪੈਟਰੋਲ ਦੀ ਕੀਮਤ 76 ਰੁਪਏ 6 ਪੈਸੇ ਸੀ। ਦੱਸ ਦਈਏ ਕਿ ਪਿਛਲੇ ਇੱਕ ਹਫਤੇ 'ਚ ਹੀ ਪੈਟਰੋਲ ਦੀਆਂ ਕੀਮਤਾਂ 'ਚ 1.62 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 'ਚ 1.64 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੈੱਸ ਤੇ ਐਕਸਾਈਜ਼ ਡਿਊਟੀ 'ਚ ਵਾਧੇ ਕਾਰਨ ਵੀ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਬੀਜੇਪੀ ਸਰਕਾਰ ਵੇਲੇ ਕੁੱਲ 9 ਵਾਰ ਐਕਸਾਈਜ਼ ਡਿਊਟੀ 'ਚ ਵਾਧਾ ਕੀਤਾ ਗਿਆ। ਇਸ ਨਾਲ ਪੈਟਰੋਲ ਦੀਆਂ ਕੀਮਤਾਂ 'ਚ 11 ਰੁਪਏ 77 ਪੈਸੇ ਦੀ ਐਕਸਾਈਜ਼ ਡਿਊਟੀ ਵਧ ਚੁੱਕੀ ਹੈ। ਨਵੰਬਰ 2014 ਤੋਂ ਜਨਵਰੀ 2016 ਦੇ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਦੇ ਬਾਵਜੂਦ ਤੇਲ ਦੀਆਂ ਕੀਮਤਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ। ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਰੁਪਏ ਡਾਲਰ ਦੀ ਦਰ ਸਥਿਰ ਰਹਿਣ ਦੇ ਅਨੁਮਾਨ 'ਤੇ ਵੀ ਆਧਾਰਤ ਹਨ।