ਚੰਡੀਗੜ੍ਹ: ਆਮ ਲੋਕਾਂ ਨੂੰ ਮਹਿੰਗੇ ਪੈਟਰੋਲ-ਡੀਜ਼ਲ ਤੋਂ ਫਿਲਹਾਲ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਲਗਾਤਾਰ ਕੀਮਤਾਂ ਘਟ ਰਹੀਆਂ ਹਨ। ਹੁਣ ਤਕ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 3 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆਈ ਹੈ। ਅੱਜ ਦਿੱਲੀ ਵਿੱਚ ਪੈਟਰੋਲ ’ਤੇ 14 ਪੈਸੇ ਤੇ ਡੀਜਲ ’ਤੇ 09 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਇਸੇ ਨਾਲ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 78.42 ਤੇ ਡੀਜ਼ਲ ਦੀ ਕੀਮਤ 73.07 ਰੁਪਏ ਹੋ ਗਈ ਹੈ।

ਪੰਜਾਬ ਦੀ ਗੱਲ ਕੀਤੀ ਜਾਏ ਤਾਂ ਅੰਮ੍ਰਿਤਸਰ ਵਿੱਚ ਅੱਜ ਪੈਟਰੋਲ 83.85 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ੍ਹ ਇਹ ਭਾਅ 84.28 ਰੁਪਏ ਸੀ। ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ ਵਿੱਚ 43 ਪੈਸੇ ਦੀ ਕਟੌਤੀ ਕੀਤੀ ਗਈ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ 18 ਅਕਤੂਬਰ ਤੋਂ ਦੇਖੀ ਜਾ ਰਹੀ ਹੈ। ਉਸ ਵੇਲੇ ਇੱਕ ਲੀਟਰ ਪੈਟਰੋਲ ਦੀ ਕੀਮਤ 82 ਰੁਪਏ 62 ਪੈਸੇ ਤੇ ਡੀਜ਼ਲ ਦੀ ਕੀਮਤ 75 ਰੁਪਏ 58 ਪੈਸੇ ਸੀ। ਉਸ ਤੋਂ ਬਾਅਦ ਦੇ ਜਾਂ ਤਾਂ ਰੇਟ ਸਥਿਰ ਰਹੇ ਹਨ ਤੇ ਜਾਂ ਘਟੇ ਹਨ।

ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਵਜ੍ਹਾ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਦਾ ਘੱਟ ਹੋਣਾ ਹੈ। ਕੱਚੇ ਤੇਲ ਦੀ ਕੀਮਤ ਵਿੱਚ ਪਿਛਲੇ ਇੱਕ ਮਹੀਨੇ ਵਿੱਚ 14 ਡਾਲਰ ਪ੍ਰਤੀ ਬੈਰਲ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਇਰਾਨ ਨਾਲ ਤੇਲ ਆਯਾਤ ਸਬੰਧੀ ਅਮਰੀਕਾ ਦਾ ਨਰਮ ਪੈਣਾ ਵੀ ਸਾਹਮਣੇ ਆ ਰਿਹਾ ਹੈ। ਇਸ ਦੀ ਵਜ੍ਹਾ ਕਰਕੇ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੇਲ ਹੋਰ ਸਸਤਾ ਹੋ ਸਕਦਾ ਹੈ।