ਨਵੀਂ ਦਿੱਲੀ: ਭਾਰਤ ਦੇ ਕਈ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ 100 ਰੁਪਏ ਦਾ ਅੰਕੜਾ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਅਸਿੱਧੇ ਤੌਰ ਉੱਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਪਹਿਲੀਆਂ ਸਰਕਾਰਾਂ ਨੇ ਤੇਲ ਦੀ ਦਰਾਮਦ ਦੀ ਨਿਰਭਰਤਾ ਘਟਾਉਣ ਲਈ ਕੁਝ ਨਹੀਂ ਕੀਤਾ, ਇਸੇ ਲਈ ਅੱਜ ਮੱਧ ਵਰਗ ਦੇ ਲੋਕਾਂ ’ਤੇ ਵੱਡੇ ਬੋਝ ਪਏ ਹੋਏ ਹਨ।


ਤਾਮਿਲਨਾਡੂ, ਜਿੱਥੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ’ਚ ਤੇਲ ਤੇ ਗੈਸ ਪ੍ਰੋਜੈਕਟਾਂ ਦੇ ਉਦਘਾਟਨ ਲਈ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਤੇਲ ਦੀ ਦਰਾਮਦ ਦੇ ਮੁੱਦੇ ਉੱਤੇ ਪਿਛਲੀਆਂ ਸਰਕਾਰਾਂ ਉੱਤੇ ਹਮਲਾ ਬੋਲਿਆ। ਉਨ੍ਹਾਂ ਸੁਆਲ ਕੀਤਾ ਸਾਡਾ ਦੇਸ਼ ਇੰਨੀਆਂ ਵਿਭਿੰਨਤਾਵਾਂਪੂਰਨ ਤੇ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਊਰਜਾ ਦੀ ਇੰਨੀ ਜ਼ਿਆਦਾ ਦਰਾਮਦ ਉੱਤੇ ਕਿਵੇਂ ਨਿਰਭਰ ਹੋ ਸਕਦਾ ਹੈ?


ਸਰਕਾਰੀ ਤੇਲ ਕੰਪਨੀਆਂ ਵੱਲੋਂ 10ਵੇਂ ਦਿਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਦੇ ਕਈ ਸ਼ਹਿਰਾਂ ’ਚ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਹਨ। ਜਦੋਂ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਅੱਜ ਦੀ ਕੀਮਤ ਤੋਂ ਦੁੱਗਣੀ ਸੀ, ਤਦ ਵੀ ਆਮ ਲੋਕਾਂ ਲਈ ਪੈਟਰੋਲ ਤੇ ਡੀਜ਼ਲ ਇੰਨੇ ਮਹਿੰਗੇ ਨਹੀਂ ਸਨ।


ਅੱਜ 10ਵੇਂ ਦਿਨ ਡੀਜ਼ਲ ਦੀ ਕੀਮਤ ਵਿੱਚ 32 ਤੋਂ 34 ਪੈਸੇ ਤੱਕ ਦਾ ਵਾਧਾ ਹੋਇਆ ਹੈ ਤੇ ਪੈਟਰੋਲ ਦੀ ਕੀਮਤ ਵੀ 32 ਪੈਸੇ ਤੋਂ 34 ਪੈਸੇ ਵਧੀ ਹੈ। ਦਿੱਲੀ ’ਚ ਪੈਟਰੋਲ ਦੀ ਕੀਮਤ 89.88 ਰੁਪਏ ਤੇ ਮੁੰਬਈ ’ਚ 96.32 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਈ ਹੈ।