ਚੰਡੀਗੜ੍ਹ: ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹਮਲੇ ਤੋਂ ਬਾਅਦ ਦੁਨੀਆ ਭਰ ਵਿੱਚ ਕੱਚੇ ਤੇਲ ਦੇ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਇਸ ਕਾਰਨ ਪਿਛਲੇ ਛੇ ਦਿਨਾਂ ਵਿੱਚ ਦਿੱਲੀ ਵਿੱਚ ਪੈਟਰੋਲ ਦੀ ਕੀਮਤ 'ਚ 1.59 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿੱਚ 1.31 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਐਤਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 27 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦਿੱਲੀ 'ਚ ਪੈਟਰੋਲ 73.62 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵੀ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਡੀਜ਼ਲ 66.74 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਨੋਟੀਫਿਕੇਸ਼ਨ ਮੁਤਾਬਕ ਬਾਲਣ ਦੀਆਂ ਕੀਮਤਾਂ ਵਿੱਚ ਲਗਾਤਾਰ ਛੇਵੇਂ ਦਿਨ ਵਾਧਾ ਹੋਇਆ ਹੈ। 17 ਸਤੰਬਰ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ ਕੁੱਲ 1.59 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ 1.31 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਪੂਰਾ ਮਾਮਲਾ
14 ਸਤੰਬਰ ਨੂੰ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਯਮਨ ਵਿੱਚ ਇਰਾਨ ਪੱਖੀ ਬਾਗ਼ੀਆਂ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਨਾਲ ਭੜਕੀ ਅੱਗ ਨਾਲ ਸਾਊਦੀ ਅਰਬ ਦੀ ਅੱਧੀ ਤੋਂ ਜ਼ਿਆਦਾ ਤੇਲ ਸਪਲਾਈ ਠੱਪ ਹੋ ਗਈ। ਸਾਊਦੀ ਅਰਾਮਕੋ ਦੇ ਪਲਾਂਟਾਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਆਲਮੀ ਸਪਲਾਈ ਵਿੱਚ ਪੰਜ ਫੀਸਦੀ ਦੀ ਕਮੀ ਆਈ ਹੈ।
ਹਾਲਾਂਕਿ, ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਜਲਦੀ ਹੀ ਸਪਲਾਈ ਨੂੰ ਆਮ ਕਰ ਦੇਵੇਗਾ ਪਰ ਮਾਹਰਾਂ ਦਾ ਕਹਿਣਾ ਹੈ ਕਿ ਆਲਮੀ ਬਾਜ਼ਾਰਾਂ 'ਤੇ ਕਈ ਸਾਲਾਂ ਤਕ ਇਸ ਝਟਕੇ ਦਾ ਅਸਰ ਦਿਖਾਈ ਦੇਵੇਗਾ। ਦੱਸ ਦੇਈਏ ਸਾਊਦੀ ਅਰਬ ਹਰ ਮਹੀਨੇ ਭਾਰਤ ਨੂੰ 20 ਲੱਖ ਟਨ ਕੱਚਾ ਤੇਲ ਸਪਲਾਈ ਕਰਦਾ ਹੈ। ਸਤੰਬਰ ਮਹੀਨੇ ਲਈ, 12 ਤੋਂ 13 ਲੱਖ ਟਨ ਦੀ ਸਪਲਾਈ ਮਿਲ ਚੁੱਕੀ ਹੈ। ਬਾਕੀ ਸਪਲਾਈ ਵੀ ਜਲਦ ਮਿਲਣ ਦੀ ਉਮੀਦ ਹੈ। ਭਾਰਤੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸਾਊਦੀ ਅਰਬ ਦੇ ਹਮਰੁਤਬਾ ਮੰਤਰੀ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ।