ਹੁਸ਼ਿਆਰਪੁਰ: ਕੁਵੈਤ ਦੀ ਇੱਕ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਨਵਰੀ, 2019 ਤੋਂ ਕੁਵੈਤ ਵਿੱਚ ਬੰਦ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਦੇ ਮੁੱਖ਼ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਨੂੰ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ ਕਿ ਕੁਵੈਤ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਲੜਕੇ ਦੀ ਜਾਨ ਬਚਾਈ ਜਾਵੇ।
ਕੁਵੈਤ ਦੀ ਜੇਲ੍ਹ ਵਿੱਚ ਬੰਦ ਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਤਾਰਾਗੜ੍ਹ ਜਿਲ੍ਹਾ ਹੁਸ਼ਿਆਰਪੁਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਇੱਕੋ-ਇੱਕ ਪੁੱਤਰ ਰਜਿੰਦਰ ਸਿੰਘ 2014 ਵਿੱਚ ਦੁਬਈ ਗਿਆ ਸੀ। ਉੱਥੋਂ ਵਾਪਿਸ ਆ ਕੇ ਉਹ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਦੋਹਾ ਕਤਰ ਵੀ ਗਿਆ। ਜਨਵਰੀ, 2016 ਵਿੱਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਪਹਿਲਾਂ ਉਸ ਨੇ ਕੁਵੈਤ ਦੇ ਸ਼ਹਿਰ ਸਾਵੀ ਵਿੱਚ ਕੰਮ ਕੀਤਾ।
ਫ਼ਰਵਰੀ, 2019 ਵਿੱਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਤੇ ਉਸ ਨੇ ਮਾਰਚ, 2019 ਵਿੱਚ ਵਿਆਹ ਕਰਵਾਉਣ ਲਈ ਵਾਪਿਸ ਪੰਜਾਬ ਆਉਣਾ ਸੀ। ਪਰ ਉਹ ਕੁਵੈਤ ਦੇ ਸ਼ਹਿਰ ਖ਼ਰਬਾਨੀਆਂ ਵਿਚ ਪਹਿਲਾਂ ਤੋਂ ਰਹਿ ਰਹੇ ਆਪਣੇ ਹੀ ਪਿੰਡ ਤਾਰਾਗੜ੍ਹ ਦੇ ਸੋਨੂੰ ਪੁੱਤਰ ਸਤਵਿੰਦਰ ਸਿੰਘ ਕੋਲ ਚਲਾ ਗਿਆ ਤੇ ਕੰਮਕਾਰ ਕਰਨ ਲੱਗ ਪਿਆ। 15 ਜਨਵਰੀ, 2019 ਨੂੰ ਉਹ ਖ਼ਰਬਾਨੀਆਂ ਸ਼ਹਿਰ ਵਿੱਚ ਤੜਕੇ ਕੰਮ 'ਤੇ ਜਾਣ ਲਈ ਆਪਣੇ ਦੋ ਦਰਜ਼ਨ ਸਾਥੀਆਂ ਦੇ ਕਰੀਬ ਇੱਕ ਬੱਸ ਅੱਡੇ 'ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ ਜਿੱਥੇ ਖੜ੍ਹੇ ਇੱਕ ਹੋਰ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਅਤੇ ਘਰ ਸਮਾਨ ਭੁੱਲ ਜਾਣ ਤੇ ਜਲਦ ਵਾਪਿਸ ਆਉਣ ਦਾ ਕਹਿ ਕੇ ਮੁੜ ਆਪਣੇ ਕਮਰੇ ਵਿੱਚ ਚਲਾ ਗਿਆ।
ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਮਾਨ ਦੀ ਤਲਾਸ਼ੀ ਲਈ। ਜਿਹੜਾ ਲੜਕਾ ਉਸ ਨੂੰ ਬੈਗ ਫ਼ੜਾ ਕੇ ਗਿਆ ਸੀ ਉਸ ਵਿੱਚੋਂ ਕੁੱਝ ਨਸ਼ੀਲੇ ਪਦਾਰਥ ਬਰਾਮਦ ਹੋਏ ਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪਰਿਵਾਰ ਨੇ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੁਲਿਸ ਨੇ ਪਿੰਡ ਦੇ ਸੋਨੂੰ ਵੀ ਵੀ ਗ੍ਰਿਫ਼ਤਾਰ ਕਰ ਲਿਆ। ਉਸ ਦਿਨ ਤੋਂ ਬਾਅਦ ਹੀ ਉਹ ਦੋਵੇਂ ਜੇਲ੍ਹ ਵਿੱਚ ਬੰਦ ਸਨ।
ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਜੇਲ੍ਹ ਵਿੱਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਦਾ ਫ਼ੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜ਼ਾ ਹੋਈ ਹੈ ਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ। ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਉਸ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗਰੀਬ ਹੋਣ ਕਰਕੇ ਇਨ੍ਹਾ ਪੈਸਾ ਵੀ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਸੂਬਾ ਸਰਕਾਰ ਦਖ਼ਲ ਅੰਦਾਜ਼ੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਉਣ ਵਿੱਚ ਮਦਦ ਕਰਨ।