ਨਵੀਂ ਦਿੱਲੀ: ਆਏ ਦਿਨ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਕਿਆਸਰਾਈਆਂ ਇਹ ਹਨ ਕਿ ਕੀ ਤੇਲ ਦੀਆਂ ਕੀਮਤਾਂ 100 ਦਾ ਅੰਕੜਾ ਵੀ ਪਾਰ ਕਰ ਸਕਦੀਆਂ ਹਨ? ਮਾਹਿਰਾਂ ਦੀ ਮੰਨੀਏ ਤਾਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਣ ਦਾ ਸਭ ਤੋਂ ਵੱਡਾ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਹੋ ਸਕਦਾ ਹੈ।

 

ਦੱਸ ਦਈਏ ਕਿ ਮਾਰਚ ਮਹੀਨੇ ਦੇ ਆਖਰ 'ਚ ਰੁਪਇਆ 65 ਪ੍ਰਤੀ ਡਾਲਰ ਦੀ ਦਰ ਤੇ ਸੀ ਜੋ ਹੁਣ 68 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਪਿੱਛੇ ਵੀ ਕਾਰਨ ਕੱਚੇ ਤੇਲ ਦੀ ਵਧ ਰਹੀ ਕੀਮਤ ਹੀ ਦੱਸਿਆ ਜਾ ਰਿਹਾ ਹੈ। ਕਿਉਂਕਿ ਭਾਰਤ 'ਚ 75 ਤੋਂ 80 ਫੀਸਦੀ ਕੱਚੇ ਤੇਲ ਦਾ ਆਯਾਤ ਹੁੰਦਾ ਹੈ। ਇਸ ਕੱਚੇ ਤੇਲ ਨੂੰ ਖਰੀਦਣ ਲਈ ਡਾਲਰ ਦੇ ਰੂਪ 'ਚ ਹੀ ਪੈਸਾ ਦਿੱਤਾ ਜਾਂਦਾ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਪਿਛੇ ਕਾਰਨ ਕੱਚੇ ਤੇਲ ਦਾ ਮਹਿੰਗਾ ਹੋਣਾ ਵੀ ਦੱਸਿਆ ਜਾ ਰਿਹਾ ਹੈ। ਇੱਥੇ ਸਵਾਲ ਇਹ ਵੀ ਹੈ ਕਿ ਜੁਲਾਈ 2008 ਚ 132 ਡਾਲਰ ਪ੍ਰਤੀ ਬੈਰਲ ਜੋ ਹੁਣ ਤੱਕ ਦੀ ਸਭ ਤੋਂ ਉੱਚਾਈ ਤੇ ਸੀ ਪਰ ਫਿਰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਏਨਾ ਵਾਧਾ ਨਹੀਂ ਹੋਇਆ ਸੀ ਜਿੰਨਾ ਕਿ ਹੁਣ ਹੋਇਆ।