ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਵੱਡੇ ਚਿਹਰੇ ਬਣ ਚੁੱਕੇ ਨਰੇਂਦਰ ਮੋਦੀ ਨੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਮਗਰੋਂ 17 ਮਈ, 2019 ਨੂੰ ਪਹਿਲੀ ਵਾਰ ਪ੍ਰੈੱਸ ਕਾਨਫ਼ਰੰਸ ਕੀਤੀ। ਹਾਲਾਂਕਿ, ਮੋਦੀ ਦੀ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਕੁਝ ਖ਼ਾਸ ਨਹੀਂ ਰਹੀ। ਮੋਦੀ ਦੇ ਇਸ ਪੱਤਰਕਾਰ ਸੰਮੇਲਨ ਨੂੰ ਮਹਿਜ਼ ਸ਼ਗਨ ਕਰਨਾ ਜਾਂ ਫਾਰਮੈਲਟੀ ਕਰਨੀ ਵੀ ਕਿਹਾ ਜਾ ਸਕਦਾ ਹੈ।


ਸ਼ੁੱਕਰਵਾਰ ਨੂੰ ਮੋਦੀ-ਸ਼ਾਹ ਦੀ ਜੋੜੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਸਰਕਾਰ ਨੂੰ ਮੁੜ ਤੋਂ ਸੱਤਾ ਵਿੱਚ ਆਉਣ ਦਾ ਵਿਸ਼ਵਾਸ ਜਤਾਇਆ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਕਾਰਾਤਮਕ ਰਹੀਆਂ ਤੇ ਪੂਰਨ ਬਹੁਤਮ ਵਾਲੀ ਸਰਕਾਰ ਪੰਜ ਸਾਲ ਪੂਰੇ ਕਰਕੇ ਵਾਪਸ ਆਏਗੀ।

ਉੱਧਰ, ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਨ੍ਹਾਂ ਕਿਹਾ ਕਿ ਸਾਲ 2009 ਅਤੇ 14 ਦੀਆਂ ਚੋਣਾਂ ਵੀ ਅਜਿਹੀਆਂ ਹੀ ਸਨ ਜਦੋਂ ਆਈਪੀਐਲ ਮੈਚ ਨੂੰ ਬਾਹਰ ਲਿਜਾਇਆ ਗਿਆ। ਮੋਦੀ ਨੇ ਕਿਹਾ ਕਿ ਜੇਕਰ ਸਰਕਾਰ ਸਮਰੱਥ ਹੋਵੇ ਤਾਂ ਆਈਪੀਐਲ ਵੀ ਹੁੰਦਾ ਹੈ, ਰਮਜ਼ਾਨ ਵੀ ਹੁੰਦੀ ਹੈ, ਬੱਚਿਆਂ ਦੇ ਇਮਤਿਹਾਨ ਤੇ ਨਵਰਾਤਰੇ ਵੀ ਹੁੰਦੇ ਹਨ। ਮੋਦੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਨੂੰ ਵੀ ਅਮਿਤ ਸ਼ਾਹ ਵੱਲ ਮੋੜ ਦਿੱਤਾ ਤੇ ਖ਼ੁਦ ਕੁਝ ਖ਼ਾਸ ਨਾ ਕਹਿ ਸਕੇ।