ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 14 ਅਗਸਤ ਦਾ ਦਿਨ 'ਵੰਡ ਦਾ ਦੁਖਾਂਤ ਦਿਵਸ' ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਪੀਐਮ ਮੋਦੀ ਨੇ ਇਸ ਦੀ ਵਜ੍ਹਾ ਵੀ ਦੱਸੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਿਨ ਨਫਰਤ ਤੇ ਹਿੰਸਾ ਦੀ ਵਜ੍ਹਾ ਨਾਲ ਸਾਡੀਆਂ ਲੱਖਾਂ ਭੈਣਾਂ ਤੇ ਭਰਾਵਾਂ ਨੂੰ ਉੱਜੜਨਾ ਪਿਆ ਸੀ। ਉਨ੍ਹਾਂ ਦੇ ਬਲੀਦਾਨ ਦੀ ਯਾਦ 'ਚ 14 ਅਗਸਤ ਨੂੰ 'ਵੰਡ ਦਾ ਦੁਖਾਂਤ ਦਿਵਸ' ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।


ਪੀਐਮ ਮੋਦੀ ਨੇ ਟਵੀਟ 'ਚ ਲਿਖਿਆ, 'ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫਰਤ ਤੇ ਹਿੰਸਾ ਦੀ ਵਜ੍ਹਾ ਨਾਲ ਸਾਡੇ ਲੱਖਾਂ ਭੈਣਾਂ-ਭਾਈਆਂ ਨੂੰ ਉੱਜੜਨਾ ਪਿਆ ਤੇ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਉਨ੍ਹਾਂ ਲੋਕਾਂ ਦੇ ਸੰਘਰਸ਼ ਤੇ ਬਲੀਦਾਨ ਦੀ ਯਾਦ 'ਚ 14 ਅਗਸਤ ਨੂੰ 'ਵੰਡ ਦਾ ਦੁਖਾਂਤ ਦਿਵਸ' ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।






#PartitionHorrorsRemembranceDay ਦਾ ਇਹ ਦਿਨ ਸਾਨੂੰ ਭੇਦਭਾਵ ਤੇ ਦੁਰਭਾਵਨਾ ਦੇ ਜ਼ਹਿਰ ਨੂੰ ਖਤਮ ਕਰਨ ਲਈ ਨਾ ਸਿਰਫ਼ ਪ੍ਰੇਰਿਤ ਕਰੇਗਾ, ਬਲਕਿ ਇਸ ਨੂੰ ਏਕਤਾ, ਸਮਾਜਿਕ ਸਦਭਾਵ ਤੇ ਮਨੁੱਖੀ ਸੰਵੇਦਨਾਵਾਂ ਵੀ ਮਜਬੂਤ ਹੋਣਗੀਆਂ।


14 ਅਗਸਤ: ਦੇਸ਼ ਦੇ ਦੋ ਟੁਕੜੇ ਤਹਾਨੂੰ ਯਾਦ ਦਿਵਾ ਦੇਈਏ, ਦੇਸ਼ ਦੇ ਇਤਿਹਾਸ 'ਚ 14 ਅਗਸਤ ਦੀ ਤਾਰੀਫ ਹੰਝੂਆਂ ਨਾਲ ਲਿਖੀ ਗਈ ਹੈ। ਇਹ ਓਹੀ ਦਿਨ ਸੀ ਜਦੋਂ ਦੇਸ਼ ਦੀ ਵੰਡ ਹੋਈ ਤੇ 14 ਅਗਸਤ, 1947 ਨੂੰ ਪਾਕਿਸਤਾਨ ਤੇ 15 ਅਗਸਤ, 1947 ਨੂੰ ਭਾਰਤ ਨੂੰ ਵੱਖ-ਵੱਖ ਰਾਸ਼ਟਰ ਐਲਾਨ ਦਿੱਤਾ ਗਿਆ।


ਇਸ ਵੰਡ ਨੇ ਨਾ ਸਿਰਫ਼ ਭਾਰਤੀ ਉਪ ਮਹਾਂਦੀਪ ਦੇ ਦੋ ਟੁਕੜੇ ਕੀਤੇ ਬਲਕਿ ਬੰਗਾਲ ਦੀ ਵੀ ਵੰਡ ਕੀਤੀ ਗਈ ਤੇ ਬੰਗਾਲ ਦੇ ਪੂਰਬੀ ਹਿੱਸੇ ਨੂੰ ਭਾਰਤ ਨਾਲੋਂ ਵੱਖ ਕਰਕੇ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ। ਜੋ 1971 ਦੇ ਯੁੱਧ ਤੋਂ ਬਾਅਦ ਬੰਗਲਾਦੇਸ਼ ਬਣਿਆ।


ਕਹਿਣ ਨੂੰ ਤਾਂ ਇਹ ਇਕ ਦੇਸ਼ ਦਾ ਬਟਵਾਰਾ ਸੀ। ਪਰ ਦਰਅਸਲ ਇਹ ਦਿਲਾਂ ਦਾ, ਪਰਿਵਾਰਾਂ ਦਾ, ਰਿਸ਼ਤਿਆਂ ਦਾ ਤੇ ਭਾਵਨਾਵਾਂ ਦਾ ਬਟਵਾਰਾ ਸੀ। ਭਾਰਤ ਮਾਂ ਦੇ ਸੀਨੇ 'ਤੇ ਬਟਵਾਰੇ ਦਾ ਇਹ ਜ਼ਖ਼ਮ ਸਦੀਆਂ ਤਕ ਰਿਸਦਾ ਰਹੇਗਾ ਤੇ ਆਉਣ ਵਾਲੀਆਂ ਨਸਲਾਂ ਤਾਰੀਖ ਦੇ ਇਸ ਸਭ ਤੋਂ ਦਰਦਨਾਕ ਦਿਨ ਦੀ ਚੀਸ ਮਹਿਸੂਸ ਕਰਦੀਆਂ ਰਹਿਣਗੀਆਂ।