ਰਾਹੁਲ ਗਾਂਧੀ ਨੂੰ ਘੇਰਨ ਲਈ ਬੀਜੇਪੀ ਨੇ ਭੇਜੀ ਸਮ੍ਰਿਤੀ
ਏਬੀਪੀ ਸਾਂਝਾ | 10 Oct 2017 01:56 PM (IST)
ਅਮੇਠੀ: ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਮੁੰਡੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਘੇਰ ਰਹੇ ਹਨ। ਰਾਹੁਲ ਨੂੰ ਟੱਕਰ ਦੇਣ ਲਈ ਬੀਜੇਪੀ ਨੇ ਲੰਮੀ-ਚੌੜੀ ਲੀਡਰਾਂ ਦੀ ਫੌਜ ਗਰਾਊਂਡ 'ਤੇ ਭੇਜ ਦਿੱਤੀ ਹੈ। ਮੰਗਲਵਾਰ ਨੂੰ ਰਾਹੁਲ ਗਾਂਧੀ ਦੇ ਖੇਤਰ ਅਮੇਠੀ 'ਚ ਸੂਚਨਾ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ 'ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਦੇ ਕੋਲ ਅਮੇਠੀ ਦੀ ਜਨਤਾ ਲਈ ਸਮਾਂ ਹੀ ਨਹੀਂ ਹੈ। ਅਮੇਠੀ 'ਚ ਜਿਹੜਾ ਵੀ ਵਿਕਾਸ ਹੋਇਆ ਹੈ, ਉਹ ਬੀਜੇਪੀ ਕਾਰਨ ਹੀ ਹੋਇਆ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਵੀ ਇਸ ਰੈਲੀ 'ਚ ਮੌਜੂਦ ਰਹੇ। ਯੋਗੀ ਨੇ ਵੀ ਰਾਹੁਲ 'ਤੇ ਕਈ ਤੀਰ ਚਲਾਏ। ਸਮ੍ਰਿਤੀ ਇਰਾਨੀ ਨੇ ਕਿਹਾ, "ਮੈਂ ਅਮੇਠੀ 'ਚ ਬੀਜੇਪੀ ਦੀ ਨੁਮਾਇੰਦਾ ਬਣ ਕੇ ਆਈ ਹਾਂ ਤੇ ਇੱਥੋਂ ਦੇ ਲੋਕਾਂ ਦੀ ਦੀਦੀ ਬਣ ਗਈ ਹਾਂ। ਤਿੰਨ ਸਾਲ ਪਹਿਲਾਂ ਲੋਕਾਂ ਨੇ ਮੇਰਾ ਵਿਰੋਧ ਕੀਤਾ ਸੀ ਪਰ ਹੁਣ ਲੋਕ ਕਹਿੰਦੇ ਹਨ ਕਿ ਵਾਰ-ਵਾਰ ਜਿੱਤ ਜਾਣ ਦੇ ਬਾਵਜੂਦ ਰਾਹੁਲ ਗਾਂਧੀ ਮਿਲਦੇ ਨਹੀਂ। ਮੈਂ ਕਿਹਾ ਕਿ ਰਾਹੁਲ ਗਾਂਧੀ ਕੋਲ ਸਮਾਂ ਨਹੀਂ, ਮੈਂ ਤੁਹਾਨੂੰ ਸਮਾਂ ਦੇਵਾਂਗੀ।" ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਵੀ ਰਾਹੁਲ 'ਤੇ ਜ਼ੁਬਾਨੀ ਤੀਰ ਚਲਾਏ। ਉਨ੍ਹਾਂ ਕਿਹਾ ਕਿ ਇਟਲੀ ਦੀ ਯਾਦ ਤਾਂ ਆਉਂਦੀ ਹੈ ਪਰ ਅਮੇਠੀ ਦੀ ਯਾਦ ਨਹੀਂ ਆਉਂਦੀ। ਤੁਸੀਂ ਉਨ੍ਹਾਂ ਨੂੰ ਸਮ੍ਰਿਤੀ ਕਾਰਨ ਹੀ ਵੇਖਿਆ ਹੋਵੇਗਾ। ਸਮ੍ਰਿਤੀ ਦੇ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਬਣਾਇਆ।