ਚੰਡੀਗੜ੍ਹ : PM ਮੋਦੀ ਦੀ ਸੁਰੱਖਿਆ 'ਚ ਵੱਡੀ ਚੂਕ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੋਈ ਕਮੀ ਨਹੀਂ ਆਈ ਹੈ। ਉਨ੍ਹਾਂ ਖ਼ੁਦ ਕੱਲ ਦੇਰ ਰਾਤ ਤੱਕ ਉਨ੍ਹਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਦੇਖੇ ਸਨ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਆਉਣਾ ਸੀ ਪਰ ਆਖਰੀ ਸਮੇਂ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਅਤੇ ਉਹ ਸੜਕ ਰਾਹੀਂ ਆਏ।
ਹੁਣ ਸੀਐਮ ਚੰਨੀ ਨੇ ਜਰੁਰ ਇਹ ਕਹਿ ਕੇ ਆਪਣੀ ਸਰਕਾਰ ਦਾ ਬਚਾਅ ਕੀਤਾ ਹੈ ਪਰ ਭਾਜਪਾ ਅਤੇ ਗ੍ਰਹਿ ਮੰਤਰਾਲਾ ਲਗਾਤਾਰ ਇਸ ਦਾ ਖੰਡਨ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੀ ਪੂਰੀ ਜਾਣਕਾਰੀ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਦਿੱਤੀ ਗਈ ਸੀ। ਦੱਸਿਆ ਗਿਆ ਹੈ ਕਿ ਪੀਐਮ ਦੇ ਰਸਤੇ ਬਾਰੇ ਸਿਰਫ਼ ਪੁਲਿਸ ਨੂੰ ਹੀ ਪਤਾ ਸੀ ਪਰ ਫਿਰ ਵੀ ਇੰਨੀ ਵੱਡੀ ਗਲਤੀ ਹੋ ਗਈ ਅਤੇ ਉਸ ਦੇ ਕਾਫਲੇ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਗ੍ਰਹਿ ਮੰਤਰਾਲੇ ਦੀ ਤਰਫੋਂ ਪੰਜਾਬ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਗਈ ਹੈ।
ਪਰ ਕਾਂਗਰਸ ਅਜੇ ਵੀ ਆਪਣੇ ਸਟੈਂਡ 'ਤੇ ਕਾਇਮ ਹੈ। ਹੁਣ ਸੀਐਮ ਚੰਨੀ ਵੀ ਕਹਿ ਰਹੇ ਹਨ ਕਿ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਹੋਈ। ਆਖਰੀ ਸਮੇਂ ਪ੍ਰੋਗਰਾਮ ਬਦਲਿਆ ਗਿਆ ਅਤੇ ਇਹ ਘਟਨਾ ਵਾਪਰ ਗਈ। ਰਣਦੀਪ ਸੁਰਜੇਵਾਲਾ ਨੇ ਵੀ ਕਈ ਵਾਰ ਟਵੀਟ ਕਰਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਪੱਖ ਤੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ 10 ਹਜ਼ਾਰ ਜਵਾਨ ਮੌਕੇ 'ਤੇ ਤਾਇਨਾਤ ਸਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਆਉਣਾ ਸੀ ਪਰ ਆਖਰੀ ਸਮੇਂ 'ਤੇ ਸੜਕ ਮਾਰਗ ਚੁਣਿਆ ਗਿਆ , ਜਿਸ ਬਾਰੇ ਸਰਕਾਰ ਨੂੰ ਜਾਣਕਾਰੀ ਨਹੀਂ ਸੀ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੀ ਘਟਨਾ ਨੂੰ ਕਾਂਗਰਸ ਦੀ ਖੂਨੀ ਮਨਸ਼ਾ ਦੱਸਿਆ ਹੈ। ਕਿਹਾ ਗਿਆ ਹੈ ਕਿ ਕਾਂਗਰਸ ਪੀਐਮ ਮੋਦੀ ਨੂੰ ਨਫ਼ਰਤ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ।
ਇਸ ਪੂਰੀ ਘਟਨਾ ਦੀ ਗੱਲ ਕਰੀਏ ਤਾਂ ਅੱਜ ਪੀਐਮ ਮੋਦੀ ਦੀ ਫਿਰੋਜ਼ਪੁਰ ਵਿੱਚ ਰੈਲੀ ਹੋਣੀ ਸੀ ਪਰ ਖਰਾਬ ਮੌਸਮ ਕਾਰਨ ਪੀਐਮ ਨੂੰ ਹੈਲੀਕਾਪਟਰ ਦੀ ਬਜਾਏ ਸੜਕ ਮਾਰਗ ਰਾਹੀਂ ਜਾਣਾ ਪਿਆ। ਜਦੋਂ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਪਹਿਲਾਂ ਫਲਾਈਓਵਰ 'ਤੇ ਪਹੁੰਚਿਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਇੱਥੇ ਰਸਤਾ ਰੋਕ ਦਿੱਤਾ। ਇਸ ਕਾਰਨ ਪੀਐਮ ਮੋਦੀ ਦੇ ਕਾਫ਼ਲੇ ਨੂੰ ਫਲਾਈਓਵਰ 'ਤੇ 15-20 ਮਿੰਟ ਰੁਕਣਾ ਪਿਆ। ਹੁਣ ਇਸ ਨੂੰ ਵੱਡੀ ਚੂਕ ਮੰਨਿਆ ਜਾ ਰਿਹਾ ਹੈ। ਪੀਐਮ ਮੋਦੀ ਨੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਸੀਐਮ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਕਿਹਾ ਹੈ ਕਿ ਮੈਂ ਹਵਾਈ ਅੱਡੇ 'ਤੇ ਜ਼ਿੰਦਾ ਪਹੁੰਚ ਗਿਆ , ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ।