Afghanistan Crisis: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਦੀ ਅਗਵਾਈ ਕੀਤੀ। ਇਸ ਬੈਠਕ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਿੱਸਾ ਲਿਆ। ਵਿਦੇਸ਼ ਮੰਤਰੀ ਦੇਸ਼ ਤੋਂ ਬਾਹਰ ਹੋਣ ਕਾਰਨ ਬੈਠਕ 'ਚ ਸ਼ਾਮਿਲ ਨਹੀਂ ਹੋਏ।


ਸੂਤਰਾਂ ਮੁਤਾਬਕ ਸੁਰੱਖਿਆ ਸਬੰਧੀ ਕੈਬਨਿਟ ਕਮੇਟੀ ਨੂੰ ਅਫਗਾਨਿਸਤਾਨ 'ਚ ਮੌਜੂਦਾ ਤੇ ਵਿਕਸਤ ਹੋ ਰਹੀ ਸੁਰੱਖਿਆ ਤੇ ਸਿਆਸੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸੀਸੀਐਸ ਨੂੰ ਹਾਲ ਹੀ 'ਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੇ ਭਾਰਤੀ ਭਾਈਚਾਰੇ ਦੇ ਕੁਝ ਮੈਂਬਰਾਂ ਦੇ ਨਾਲ-ਨਾਲ ਭਾਰਤੀ ਮੀਡੀਆ ਦੇ ਕੁਝ ਮੈਬਰਾਂ ਦੀ ਨਿਕਾਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ।


ਪ੍ਰਧਾਨ ਮੰਤਰੀ ਨੇ ਸਾਰੇ ਸਬੰਧਤ ਅਧਿਕਾਰੀਆਂ ਦੀ ਆਉਣ ਵਾਲੇ ਦਿਨਾਂ 'ਚ ਅਫਗਾਨਿਸਤਾਨ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨਿਕਾਸੀ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ।


ਕਾਰਵਾਈ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ, ਬਲਕਿ ਸਾਨੂੰ ਉਨ੍ਹਾਂ ਘੱਟ ਗਿਣਤੀ ਹਿੰਦੂਆਂ ਤੇ ਸਿੱਖਾਂ ਨੂੰ ਵੀ ਸ਼ਰਣ ਦੇਣੀ ਚਾਹੀਦੀ ਹੈ ਜੋ ਭਾਰਤ ਆਉਣਾ ਚਾਹੁੰਦੇ ਹਨ। ਸਾਨੂੰ ਹਰ ਸੰਭਵ ਸਹਾਇਤਾ ਵੀ ਕਰਨੀ ਚਾਹੀਦੀ ਹੈ। ਮਦਦ ਲਈ ਭਾਰਤ ਵੱਲ ਦੇਖ ਰਹੇ ਅਫਗਾਨ ਭਾਈ-ਭੈਣਾਂ ਦੀ ਮਦਦ ਕਰੀਏ।


ਬੈਠਕ ਚ ਪੀਐਮ ਦੇ ਪ੍ਰਧਾਨ ਸਕੱਤਰ ਪੀਕੇ ਮਿਸ਼ਰਾ, ਐਨਐਸਏ ਅਜੀਤ ਡੋਭਾਲ ਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਸਮੇਤ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਤੇ ਰਾਜਦੂਤ ਰੁਦ੍ਰੇਂਦ੍ਰ ਟੰਡਨ ਵੀ ਮੌਜੂਦ ਸਨ। ਰਾਜਦੂਤ ਟੰਡਨ ਕੱਲ੍ਹ ਸਵੇਰੇ ਹੀ ਕਾਬੁਲ ਤੋਂ ਉਡਾਣ ਜ਼ਰੀਏ ਦਿੱਲੀ ਆਏ।


ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡ ਕੇ ਚਲੇ ਜਾਣ ਤੋਂ ਬਾਅਦ ਐਤਵਾਰ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਤੋਂ ਹੀ ਉੱਥੇ ਹਫੜਾ ਦਫੜੀ ਦਾ ਮਾਹੌਲ ਹੈ। ਇਸ ਤੋਂ ਬਾਅਦ ਕਾਬੁਲ 'ਚ ਭਾਰਤੀ ਰਾਜਦੂਤ ਤੇ ਦੂਤਾਵਾਸ ਦੇ ਕਰਮੀਆਂ ਸਮੇਤ 120 ਲੋਕਾਂ ਨੂੰ ਲੈਕੇ ਭਾਰਤੀ ਹਵਾਈ ਫੌਜ ਦਾ ਇਕ ਜਹਾਜ਼ ਮੰਗਲਵਾਰ ਅਫਗਾਨਿਸਤਾਨ ਤੋਂ ਭਾਰਤ ਪਹੁੰਚਿਆ।


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਾਰੇ ਭਾਰਤੀਆਂ ਦੀ ਅਫਗਾਨਿਸਤਨ ਤੋਂ ਸੁਰੱਖਿਅਤ ਵਾਪਸੀ ਨੂੰ ਲੈਕੇ ਵਚਨਬੱਧ ਹੈ ਤੇ ਕਾਬੁਲ ਹਵਾਈ ਅੱਡੇ ਤੋਂ ਕਮਰਸ਼ੀਅਲ ਫਲਾਈਟਾਂ ਦੀ ਬਹਾਲੀ ਹੁੰਦਿਆਂ ਹੀ ਉੱਥੇ ਫਸੇ ਹੋਰ ਭਾਰਤੀਆਂ ਨੂੰ ਵੀ ਦੇਸ਼ ਲਿਆਉਣ ਦਾ ਕੰਮ ਕੀਤਾ ਜਾਵੇਗਾ।